ਕੈਨੇਡਾ ਦੇ ਸਿੱਖਾਂ ਵਿਰੁੱਧ ਭਾਰਤ ਨਾਲ ਜੁੜੇ ਕਥਿਤ ਗੁੰਮਰਾਹਕੁਨ ਪ੍ਰਚਾਰ ਬਾਰੇ ਨਵੀਂ ਰਿਪੋਰਟ ਜਾਰੀ
The World Sikh Organization of Canada released a 2026 report alleging that India-linked disinformation campaigns target Sikh Canadians through false claims, suspicious online networks and media amplification. The report highlights several incidents and survey findings concerning anti-Sikh hate and discrimination.
ਓਟਾਵਾ-ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ (WSO) ਨੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤ ਨਾਲ ਜੁੜੇ ਕਥਿਤ ਗੁੰਮਰਾਹਕੁਨ ਪ੍ਰਚਾਰ ਬਾਰੇ ਨਵੀਂ ਰਿਪੋਰਟ ਜਾਰੀ ਕੀਤੀ ਹੈ। ‘ਇੰਡੀਆਜ਼ ਡਿਸਇਨਫਰਮੇਸ਼ਨ ਕੈਂਪੇਨ ਅਗੇਂਸਟ ਕੈਨੇਡਾਜ਼ ਸਿੱਖਸ: 2026 ਰਿਪੋਰਟ’ ਸਿਰਲੇਖ ਵਾਲੀ ਇਸ ਰਿਪੋਰਟ ਵਿੱਚ ਝੂਠੇ ਦਾਅਵਿਆਂ, ਸ਼ੱਕੀ ਆਨਲਾਈਨ ਖਾਤਿਆਂ, ਮੀਡੀਆ ਰਾਹੀਂ ਪ੍ਰਚਾਰ ਅਤੇ ਇਸ ਦੇ ਸਿੱਖ ਕੈਨੇਡੀਅਨਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
WSO ਅਨੁਸਾਰ, ਸਾਲ 2021 ਦੀ ਰਿਪੋਰਟ ਤੋਂ ਪੰਜ ਸਾਲ ਬਾਅਦ ਵੀ ਗੁੰਮਰਾਹਕੁਨ ਪ੍ਰਚਾਰ ਦੇ ਤਰੀਕੇ ਜਾਰੀ ਹਨ ਅਤੇ ਇਨ੍ਹਾਂ ਵਿੱਚ ਤੇਜ਼ੀ ਆਈ ਹੈ। ਰਿਪੋਰਟ ਮੁਤਾਬਕ, ਅਗਿਆਤ ਜਾਂ ਸ਼ੱਕੀ ਸਰੋਤਾਂ ਤੋਂ ਸ਼ੁਰੂ ਹੋਣ ਵਾਲੇ ਦਾਅਵਿਆਂ ਨੂੰ ਵੱਖ-ਵੱਖ ਮੀਡੀਆ ਅਦਾਰਿਆਂ ਅਤੇ ਸ਼ੱਕੀ ਆਨਲਾਈਨ ਖਾਤਿਆਂ ਰਾਹੀਂ ਫੈਲਾਇਆ ਜਾਂਦਾ ਹੈ, ਜਿਸ ਨਾਲ ਉਹ ਕੈਨੇਡਾ ਦੀ ਜਨਤਕ ਅਤੇ ਸਿਆਸੀ ਚਰਚਾ ਦਾ ਹਿੱਸਾ ਬਣ ਸਕਦੇ ਹਨ। ਰਿਪੋਰਟ ਵਿੱਚ ਸਿੱਖਾਂ ਦੀ ਸਿਆਸੀ ਸਰਗਰਮੀ ਅਤੇ ਖਾਲਿਸਤਾਨ ਦੇ ਸਮਰਥਨ ਨੂੰ ਅੱਤਵਾਦ, ਸੰਗਠਿਤ ਅਪਰਾਧ ਜਾਂ ਵਿਦੇਸ਼ੀ ਖੁਫੀਆ ਗਤੀਵਿਧੀਆਂ ਨਾਲ ਜੋੜਨ ਵਾਲੇ ਬਿਰਤਾਂਤਾਂ ਬਾਰੇ ਵੀ ਚਿੰਤਾ ਪ੍ਰਗਟਾਈ ਗਈ ਹੈ।
ਰਿਪੋਰਟ ਵਿੱਚ ਕਈ ਮਾਮਲਿਆਂ ਦਾ ਹਵਾਲਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਦੀ ਰਿਹਾਈ ਸਬੰਧੀ ਗਲਤ ਖ਼ਬਰਾਂ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀ ਸੁੰਦੀਪ ‘ਸੰਨੀ’ ਸਿੰਘ ਸਿੱਧੂ ਨੂੰ ਅੱਤਵਾਦ ਅਤੇ ਪੰਜਾਬ ਵਿੱਚ ਹੋਏ ਕਤਲ ਨਾਲ ਕਥਿਤ ਤੌਰ ’ਤੇ ਜੋੜਨਾ ਅਤੇ ਬਰੈਂਪਟਨ ਵਿੱਚ 2024 ਦੌਰਾਨ ਸਿੱਖ ਵਿਰੋਧੀ ਹਿੰਸਾ ਤੋਂ ਬਾਅਦ ਆਨਲਾਈਨ ਭੜਕਾਊ ਪ੍ਰਚਾਰ ਫੈਲਾਉਣਾ ਸ਼ਾਮਲ ਹੈ। WSO ਅਨੁਸਾਰ, ਸਿੱਧੂ ਨੂੰ ਜਾਂਚ ਤੋਂ ਬਾਅਦ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ।
ਰਿਪੋਰਟ ਵਿੱਚ ਸਰੀ ਦੇ ਦੋ ਪੁਲਿਸ ਅਧਿਕਾਰੀਆਂ ਵੱਲੋਂ ਗਤਕਾ ਕਰਨ ਦੀ ਵੀਡੀਓ ਨੂੰ ਗਲਤ ਸੰਦਰਭ ਵਿੱਚ ਪੇਸ਼ ਕਰਕੇ ਉਨ੍ਹਾਂ ਨੂੰ ‘ਖਾਲਿਸਤਾਨੀ ਪੁਲਿਸ ਮੁਲਾਜ਼ਮ’ ਦੱਸਣ ਅਤੇ ਪੀਲ ਪੁਲਿਸ ਦੀ ਨਸ਼ੀਲੇ ਪਦਾਰਥਾਂ ਸਬੰਧੀ ਜਾਂਚ ਨੂੰ ਖਾਲਿਸਤਾਨੀ ਲਹਿਰ ਨਾਲ ਜੋੜਨ ਵਾਲੇ ਦਾਅਵੇ ਦਾ ਵੀ ਜ਼ਿਕਰ ਹੈ। WSO ਮੁਤਾਬਕ, ਪੀਲ ਰੀਜਨਲ ਪੁਲਿਸ ਨੇ ਸਪੱਸ਼ਟ ਕੀਤਾ ਸੀ ਕਿ ‘ਪ੍ਰੋਜੈਕਟ ਪੈਲੀਕਨ’ ਦਾ ਖਾਲਿਸਤਾਨੀ ਲਹਿਰ ਜਾਂ ਭਾਰਤ ਵਿਰੋਧੀ ਸਰਗਰਮੀਆਂ ਨਾਲ ਕੋਈ ਸਬੰਧ ਹੋਣ ਦਾ ਸਬੂਤ ਨਹੀਂ ਸੀ।
ਸਿੱਖ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਵਿਤਕਰੇ ਬਾਰੇ WSO ਦੇ ਸਰਵੇਖਣ ਵਿੱਚ 1,600 ਤੋਂ ਵੱਧ ਸਿੱਖ ਕੈਨੇਡੀਅਨਾਂ ਨੇ ਹਿੱਸਾ ਲਿਆ। ਰਿਪੋਰਟ ਅਨੁਸਾਰ, 80 ਫ਼ੀਸਦੀ ਭਾਗੀਦਾਰਾਂ ਦਾ ਮੰਨਣਾ ਸੀ ਕਿ ਸਿੱਖਾਂ ਵਿਰੁੱਧ ਨਫ਼ਰਤ ਅਤੇ ਵਿਤਕਰਾ ਵਧਿਆ ਹੈ, ਜਦਕਿ ਆਪਣੀ ਸਿੱਖ ਪਛਾਣ ਕਾਰਨ ਪਛਾਣੇ ਜਾਣ ਵਾਲੇ 91 ਫ਼ੀਸਦੀ ਸਿੱਖਾਂ ਨੇ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ। ਖਾਲਿਸਤਾਨ ਬਾਰੇ ਸਿਆਸੀ ਵਿਚਾਰਾਂ ਜਾਂ ਸਮਰਥਨ ਨਾਲ ਸਬੰਧਤ ਸਵਾਲ ਦਾ ਜਵਾਬ ਦੇਣ ਵਾਲੇ 1,000 ਤੋਂ ਵੱਧ ਲੋਕਾਂ ਵਿੱਚੋਂ 54 ਫ਼ੀਸਦੀ ਨੇ ਅਜਿਹੇ ਵਿਚਾਰਾਂ ਕਾਰਨ ਨਫ਼ਰਤ ਦਾ ਸਾਹਮਣਾ ਕਰਨ ਦੀ ਗੱਲ ਕਹੀ।
WSO ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਕੈਨੇਡੀਅਨ ਖੁਫੀਆ ਏਜੰਸੀਆਂ, ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਕਮਿਸ਼ਨ ਅਤੇ ਸੁਤੰਤਰ ਪੱਤਰਕਾਰ ਇਸ ਮੁੱਦੇ ਨੂੰ ਦਸਤਾਵੇਜ਼ੀ ਰੂਪ ਵਿੱਚ ਸਾਹਮਣੇ ਲਿਆ ਚੁੱਕੇ ਹਨ। ਉਨ੍ਹਾਂ ਅਨੁਸਾਰ, ਹੁਣ ਮੁੱਖ ਸਵਾਲ ਇਹ ਹੈ ਕਿ ਕੈਨੇਡਾ ਅਜਿਹੇ ਪ੍ਰਚਾਰ ਨਾਲ ਕਿਵੇਂ ਨਜਿੱਠੇ, ਜੋ ਝੂਠੇ ਦੋਸ਼ਾਂ ਨੂੰ ਵੱਖ-ਵੱਖ ਮੰਚਾਂ ’ਤੇ ਫੈਲਾ ਕੇ ਆਮ ਲੋਕਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।
















