ਔਰਤਾਂ ਦੀ ਸਿਹਤ ਸਬੰਧੀ ਖੋਜ ਅਤੇ ਨਵੀਆਂ ਤਕਨੀਕਾਂ ਲਈ ਅਲਬਰਟਾ ਸਰਕਾਰ ਵੱਲੋਂ 50 ਲੱਖ ਡਾਲਰ ਦਾ ਨਿਵੇਸ਼
Alberta is investing $5 million through a new funding competition to improve women's health care and support innovative medical solutions. The first funding round will focus on women's neurological health, including migraines, Alzheimer's, Parkinson's, epilepsy and pregnancy-related neurological conditions.
ਅਲਬਰਟਾ-ਔਰਤਾਂ ਦੀ ਸਿਹਤ ਸੰਭਾਲ ਵਿੱਚ ਮੌਜੂਦ ਕਮੀਆਂ ਨੂੰ ਦੂਰ ਕਰਨ ਅਤੇ ਬਿਹਤਰ ਇਲਾਜ ਦੀਆਂ ਸਹੂਲਤਾਂ ਵਿਕਸਿਤ ਕਰਨ ਲਈ ਅਲਬਰਟਾ ਸਰਕਾਰ ਵੱਲੋਂ 50 ਲੱਖ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਫੰਡ ਰਾਹੀਂ ਅਜਿਹੀਆਂ ਨਵੀਆਂ ਖੋਜਾਂ, ਉਤਪਾਦਾਂ ਅਤੇ ਤਕਨੀਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਜਿਨ੍ਹਾਂ ਨਾਲ ਬਿਮਾਰੀਆਂ ਦੀ ਸਮੇਂ ਸਿਰ ਪਛਾਣ, ਬਿਹਤਰ ਇਲਾਜ ਅਤੇ ਮਰੀਜ਼ਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲ ਸਕੇ।
ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਕਲੋਜ਼ਿੰਗ ਦ ਗੈਪ: ਵਿਮੈਨਜ਼ ਹੈਲਥ ਫੰਡਿੰਗ ਕੰਪੀਟੀਸ਼ਨ’ ਤਹਿਤ ਪਹਿਲੇ ਪੜਾਅ ਵਿੱਚ ਔਰਤਾਂ ਦੀ ਦਿਮਾਗੀ ਅਤੇ ਨਸਾਂ ਨਾਲ ਸਬੰਧਤ ਸਿਹਤ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਵਿੱਚ ਮਾਈਗ੍ਰੇਨ, ਅਲਜ਼ਾਈਮਰ, ਪਾਰਕਿੰਸਨ, ਮਿਰਗੀ ਅਤੇ ਗਰਭ ਅਵਸਥਾ, ਬੱਚੇ ਦੇ ਜਨਮ ਤੋਂ ਬਾਅਦ ਅਤੇ ਮੀਨੋਪੌਜ਼ ਦੌਰਾਨ ਹੋਣ ਵਾਲੀਆਂ ਨਸਾਂ ਸਬੰਧੀ ਸਮੱਸਿਆਵਾਂ ਸ਼ਾਮਲ ਹਨ। ਸਰਕਾਰ ਮੁਤਾਬਕ, ਇਹ ਬਿਮਾਰੀਆਂ ਔਰਤਾਂ ਨੂੰ ਮਰਦਾਂ ਨਾਲੋਂ ਵੱਖਰੇ ਢੰਗ ਨਾਲ ਜਾਂ ਵਧੇਰੇ ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਇਲਾਜ ਦੇ ਤਰੀਕੇ ਵਿਕਸਿਤ ਕਰਨ ਦੀ ਲੋੜ ਹੈ।
ਇਸ ਫੰਡ ਦੀ ਵਰਤੋਂ ਨਵੇਂ ਮੈਡੀਕਲ ਉਤਪਾਦਾਂ, ਸਾਧਨਾਂ ਅਤੇ ਤਕਨੀਕਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਦੀ ਜਾਂਚ ਕਰਨ ਲਈ ਕੀਤੀ ਜਾਵੇਗੀ। ਇਸ ਦਾ ਉਦੇਸ਼ ਬਿਮਾਰੀਆਂ ਦੀ ਰੋਕਥਾਮ, ਜਲਦੀ ਜਾਂਚ ਅਤੇ ਇਲਾਜ ਨੂੰ ਬਿਹਤਰ ਬਣਾਉਣ ਦੇ ਨਾਲ ਸਿਹਤ ਸੇਵਾਵਾਂ ਤੱਕ ਪਹੁੰਚ ਆਸਾਨ ਕਰਨਾ ਹੈ। ਖਾਸ ਤੌਰ ’ਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਲਈ ਇਲਾਜ ਦੀਆਂ ਸਹੂਲਤਾਂ ਵਧਾਉਣ, ਬਿਮਾਰੀਆਂ ਦੀ ਪਛਾਣ ਵਿੱਚ ਹੋਣ ਵਾਲੀ ਦੇਰੀ ਘਟਾਉਣ ਅਤੇ ਇਲਾਜ ਦੀਆਂ ਕਮੀਆਂ ਦੂਰ ਕਰਨ ’ਤੇ ਧਿਆਨ ਦਿੱਤਾ ਜਾਵੇਗਾ।
ਪ੍ਰਾਇਮਰੀ ਅਤੇ ਪ੍ਰੀਵੈਂਟੇਟਿਵ ਹੈਲਥ ਸਰਵਿਸਿਜ਼ ਮੰਤਰੀ ਜਸਟਿਨ ਰਾਈਟ ਨੇ ਕਿਹਾ ਕਿ ਔਰਤਾਂ ਨੂੰ ਅਜਿਹੀਆਂ ਸਿਹਤ ਸੇਵਾਵਾਂ ਮਿਲਣੀਆਂ ਚਾਹੀਦੀਆਂ ਹਨ, ਜੋ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਸਹੀ ਸਮੇਂ ’ਤੇ ਜਾਂਚ ਤੇ ਇਲਾਜ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਅਲਬਰਟਾ ਵਿੱਚ ਖੋਜਕਰਤਾਵਾਂ ਅਤੇ ਸਿਹਤ ਮਾਹਿਰਾਂ ਵੱਲੋਂ ਇਸ ਖੇਤਰ ਵਿੱਚ ਮਹੱਤਵਪੂਰਨ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਇਸ ਨੂੰ ਹੋਰ ਅੱਗੇ ਵਧਾਉਣ ਲਈ ਸਹਿਯੋਗ ਦੇ ਰਹੀ ਹੈ।
ਇਹ ਨਵੀਂ ਗ੍ਰਾਂਟ ਔਰਤਾਂ ਦੀ ਸਿਹਤ ਵਿੱਚ ਸੁਧਾਰ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਪਹਿਲਾਂ ਦੇ ਯਤਨਾਂ ਦਾ ਹਿੱਸਾ ਹੈ। ਪਿਛਲੇ ਦੋ ਸਾਲਾਂ ਦੌਰਾਨ ਅਲਬਰਟਾ ਸਰਕਾਰ ਨੇ ਅਲਬਰਟਾ ਵਿਮੈਨਜ਼ ਹੈਲਥ ਫਾਊਂਡੇਸ਼ਨ ਅਤੇ ਕੈਲਗਰੀ ਹੈਲਥ ਫਾਊਂਡੇਸ਼ਨ ਨੂੰ ਔਰਤਾਂ ਦੀ ਸਿਹਤ ਸਬੰਧੀ ਖੋਜ, ਜਾਗਰੂਕਤਾ ਅਤੇ ਕਲੀਨਿਕਲ ਸੇਵਾਵਾਂ ਲਈ 1-1 ਕਰੋੜ ਡਾਲਰ ਦੀ ਗ੍ਰਾਂਟ ਦਿੱਤੀ ਸੀ।
ਆਰਟਸ, ਕਲਚਰ ਐਂਡ ਸਟੇਟਸ ਆਫ਼ ਵਿਮੈਨ ਮੰਤਰੀ ਤਾਨਿਆ ਫਿਰ ਨੇ ਕਿਹਾ ਕਿ ਔਰਤਾਂ ਦੀਆਂ ਸਿਹਤ ਲੋੜਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਸਿਹਤ ਸੇਵਾਵਾਂ ਵਿੱਚ ਸ਼ਾਮਲ ਕਰਨ ਲਈ ਸੂਬੇ ਭਰ ਵਿੱਚ ਕੰਮ ਕੀਤਾ ਜਾ ਰਿਹਾ ਹੈ।
ਇਸ ਫੰਡ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ 2 ਦਸੰਬਰ 2026 ਤੱਕ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਯੋਗ ਸੰਸਥਾਵਾਂ ਨੂੰ ਦੋ ਸਾਲਾਂ ਲਈ ਵੱਧ ਤੋਂ ਵੱਧ 10 ਲੱਖ ਡਾਲਰ ਤੱਕ ਦੀ ਗ੍ਰਾਂਟ ਮਿਲ ਸਕੇਗੀ। ਇਸ ਲਈ ਸਿਹਤ ਸੰਸਥਾਵਾਂ, ਮਾਨਤਾ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ, ਗੈਰ-ਮੁਨਾਫ਼ਾ ਸੰਗਠਨਾਂ, ਆਦਿਵਾਸੀ ਸਰਕਾਰਾਂ ਅਤੇ ਸੰਸਥਾਵਾਂ, ਨਗਰ ਨਿਗਮਾਂ ਅਤੇ ਯੋਗ ਨਿੱਜੀ ਖੇਤਰ ਦੇ ਭਾਈਵਾਲਾਂ ਵੱਲੋਂ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।














