ਓਕਾਨਾਗਨ ਝੀਲ ਵਿੱਚ ਸਾਲ ਦੀ ਪੰਜਵੀਂ ਡੁੱਬਣ ਦੀ ਘਟਨਾ, ਸਾਲਾਨਾ ਤੈਰਾਕੀ ਮੁਕਾਬਲੇ ਦੌਰਾਨ ਵਿਅਕਤੀ ਦੀ ਮੌਤ

ਓਕਾਨਾਗਨ ਝੀਲ ਵਿੱਚ ਸਾਲ ਦੀ ਪੰਜਵੀਂ ਡੁੱਬਣ ਦੀ ਘਟਨਾ, ਸਾਲਾਨਾ ਤੈਰਾਕੀ ਮੁਕਾਬਲੇ ਦੌਰਾਨ ਵਿਅਕਤੀ ਦੀ ਮੌਤ

ਕੇਲੋਨਾ-ਬ੍ਰਿਟਿਸ਼ ਕੋਲੰਬੀਆ ਦੇ ਓਕਾਨਾਗਨ ਝੀਲ ਵਿੱਚ ਇਸ ਸਾਲ ਡੁੱਬਣ ਕਾਰਨ ਹੋਈ ਇਹ ਪੰਜਵੀਂ ਮੌਤ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਵਿਅਕਤੀ 'ਅਕਰਾਸ ਦ ਲੇਕ ਸਵਿਮ' ਨਾਮਕ ਸਾਲਾਨਾ ਤੈਰਾਕੀ ਸਮਾਗਮ ਵਿੱਚ ਹਿੱਸਾ ਲੈ ਰਿਹਾ ਸੀ।

ਕੇਲੋਨਾ ਆਰ.ਸੀ.ਐਮ.ਪੀ. ਮੁਤਾਬਕ 18 ਜੁਲਾਈ ਦੀ ਸਵੇਰ ਐਮਰਜੈਂਸੀ ਸੇਵਾਵਾਂ ਨੂੰ ਟਗਬੋਟ ਬੇ ਵਿੱਚ ਇੱਕ ਵਿਅਕਤੀ ਦੇ ਡੁੱਬਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ ਬਚਾਅ ਕਾਰਵਾਈ ਸ਼ੁਰੂ ਕੀਤੀ ਗਈ।ਆਰ.ਸੀ.ਐਮ.ਪੀ. ਦੇ ਮੀਡੀਆ ਰਿਲੇਸ਼ਨਜ਼ ਅਧਿਕਾਰੀ ਕਾਰਪੋਰਲ ਸਟੀਵਨ ਲੈਂਗ ਨੇ ਦੱਸਿਆ ਕਿ ਹਾਦਸੇ ਦੇ ਸਹੀ ਹਾਲਾਤਾਂ ਦੀ ਜਾਂਚ ਜਾਰੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਓਕਾਨਾਗਨ ਝੀਲ ਵਿੱਚ ਚੱਲ ਰਹੀਆਂ ਤੇਜ਼ ਵਿਰੋਧੀ ਹਵਾਵਾਂ ਅਤੇ ਪਾਣੀ ਦੇ ਤੇਜ਼ ਵਹਾਅ ਨੇ ਇਸ ਦੁੱਖਦਾਈ ਘਟਨਾ ਵਿੱਚ ਅਹਿਮ ਭੂਮਿਕਾ ਨਿਭਾਈ ਹੋ ਸਕਦੀ ਹੈ।

ਬੀ.ਸੀ. ਐਂਬੂਲੈਂਸ ਸੇਵਾ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਵਿਅਕਤੀ ਨੂੰ ਮੁੜ ਜੀਵਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ।ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਘਟਨਾ ਦੇ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ।ਇਸ ਦੌਰਾਨ ਗਾਇਰੋ ਬੀਚ ਵਿਖੇ ਕਰਵਾਏ ਗਏ ਡੁੱਬਣ ਤੋਂ ਬਚਾਅ ਸਬੰਧੀ ਜਾਗਰੂਕਤਾ ਸਮਾਗਮ ਦੌਰਾਨ ਕੇਲੋਨਾ ਦੇ ਮੇਅਰ ਟੌਮ ਡਿਆਸ ਨੇ ਮ੍ਰਿਤਕ ਦੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ।

ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਸਾਰੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਹਮੇਸ਼ਾ ਲਈ ਬਦਲ ਗਈ ਹੈ, ਖ਼ਾਸ ਕਰਕੇ ਉਸ ਪਰਿਵਾਰ ਨਾਲ ਜਿਸ ਨੇ 'ਅਕਰਾਸ ਦ ਲੇਕ ਸਵਿਮ' ਦੌਰਾਨ ਆਪਣੇ ਪਿਆਰੇ ਨੂੰ ਗੁਆ ਦਿੱਤਾ।"