ਏਸ਼ਿਆਈ ਖੇਡਾਂ: ਜਾਪਾਨ ਹੱਥੋਂ ਹਾਰ ਕੇ ਮਹਿਲਾ ਬੈਡਮਿੰਟਨ ਟੀਮ ਕੁਆਰਟਰ ਫਾਈਨਲ ’ਚੋਂ ਬਾਹਰ

India’s women’s badminton team, led by PV Sindhu, lost 1-3 to hosts Japan in the Asian Games quarter-finals. Sindhu lost to Akane Yamaguchi after winning the first game, while Unnati Hooda also lost her match.

ਏਸ਼ਿਆਈ ਖੇਡਾਂ: ਜਾਪਾਨ ਹੱਥੋਂ ਹਾਰ ਕੇ ਮਹਿਲਾ ਬੈਡਮਿੰਟਨ ਟੀਮ ਕੁਆਰਟਰ ਫਾਈਨਲ ’ਚੋਂ ਬਾਹਰ

ਨਵੀਂ ਦਿੱਲੀ-ਏਸ਼ਿਆਈ ਖੇਡਾਂ ਵਿੱਚ ਪੀ.ਵੀ. ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਬੈਡਮਿੰਟਨ ਟੀਮ ਦਾ ਸਫ਼ਰ ਕੁਆਰਟਰ ਫਾਈਨਲ ਵਿੱਚ ਹੀ ਖ਼ਤਮ ਹੋ ਗਿਆ। ਭਾਰਤ ਨੂੰ ਮੇਜ਼ਬਾਨ ਜਾਪਾਨ ਨੇ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ।

ਭਾਰਤ ਨੂੰ ਪਹਿਲਾ ਝਟਕਾ ਪੀ.ਵੀ. ਸਿੰਧੂ ਦੇ ਮੈਚ ਵਿੱਚ ਲੱਗਾ। ਸਿੰਧੂ ਦਾ ਮੁਕਾਬਲਾ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਅਕਾਨੇ ਯਾਮਾਗੁਚੀ ਨਾਲ ਹੋਇਆ। ਸਿੰਧੂ ਨੇ ਪਹਿਲੀ ਗੇਮ 23-21 ਨਾਲ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਪਰ ਯਾਮਾਗੁਚੀ ਨੇ ਦੂਜੀ ਗੇਮ 21-18 ਨਾਲ ਜਿੱਤ ਕੇ ਮੈਚ ਬਰਾਬਰ ਕਰ ਦਿੱਤਾ।ਫੈਸਲਾਕੁੰਨ ਤੀਜੀ ਗੇਮ ਵਿੱਚ ਯਾਮਾਗੁਚੀ ਨੇ ਲੰਬੀਆਂ ਰੈਲੀਆਂ ਰਾਹੀਂ ਸਿੰਧੂ ’ਤੇ ਦਬਾਅ ਬਣਾਇਆ ਅਤੇ 21-11 ਨਾਲ ਗੇਮ ਜਿੱਤ ਕੇ ਜਾਪਾਨ ਨੂੰ 1-0 ਦੀ ਬੜ੍ਹਤ ਦਿਵਾਈ।

ਇਸ ਤੋਂ ਬਾਅਦ 20 ਸਾਲਾ ਤੋਮੋਕਾ ਮਿਆਜ਼ਾਕੀ ਨੇ ਉਨੱਤੀ ਹੁੱਡਾ ਨੂੰ 21-16, 21-18 ਨਾਲ ਹਰਾਇਆ। ਇਸ ਜਿੱਤ ਨਾਲ ਜਾਪਾਨ ਨੇ ਆਪਣੀ ਬੜ੍ਹਤ 2-0 ਕਰ ਲਈ।ਭਾਰਤ ਲਈ ਟ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਨੇ ਉਮੀਦ ਜਗਾਈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਜੋੜੀ ਨੇ ਵਿਸ਼ਵ ਦਰਜਾਬੰਦੀ ਵਿੱਚ ਤੀਜੇ ਨੰਬਰ ’ਤੇ ਕਾਬਜ਼ ਯੂਕੀ ਫੁਕੁਸ਼ੀਮਾ ਅਤੇ ਮਾਯੂ ਮਾਤਸੁਮੋਤੋ ਨੂੰ 21-17, 21-16 ਨਾਲ ਹਰਾਇਆ।

ਇਸ ਜਿੱਤ ਨਾਲ ਭਾਰਤ ਨੇ ਵਾਪਸੀ ਦੀ ਉਮੀਦ ਬਣਾਈ, ਪਰ ਤਨਵੀ ਸ਼ਰਮਾ ਸਾਬਕਾ ਵਿਸ਼ਵ ਚੈਂਪੀਅਨ ਨੋਜ਼ੋਮੀ ਓਕੁਹਾਰਾ ਦਾ ਮੁਕਾਬਲਾ ਨਹੀਂ ਕਰ ਸਕੀ। ਓਕੁਹਾਰਾ ਨੇ ਤਨਵੀ ਨੂੰ 21-12, 21-10 ਨਾਲ ਹਰਾ ਕੇ ਜਾਪਾਨ ਨੂੰ 3-1 ਦੀ ਜਿੱਤ ਦਿਵਾਈ।

ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਏਸ਼ਿਆਈ ਖੇਡਾਂ ਵਿੱਚ ਇਸ ਵਰਗ ਵਿੱਚ ਤਮਗੇ ਤੋਂ ਵਾਂਝੀ ਰਹੀ। ਭਾਰਤ ਨੇ ਮਹਿਲਾ ਟੀਮ ਬੈਡਮਿੰਟਨ ਵਿੱਚ ਹੁਣ ਤੱਕ ਸਿਰਫ਼ ਦੋ ਵਾਰ ਤਮਗਾ ਜਿੱਤਿਆ ਹੈ—1982 ਵਿੱਚ ਨਵੀਂ ਦਿੱਲੀ ਵਿਖੇ ਕਾਂਸੀ ਅਤੇ 2014 ਵਿੱਚ ਇੰਚਿਓਨ ਏਸ਼ਿਆਈ ਖੇਡਾਂ ਵਿੱਚ ਕਾਂਸੀ।ਜਾਪਾਨ ਹੁਣ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਅਤੇ ਮਲੇਸ਼ੀਆ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਖੇਡੇਗਾ।