‘ਆਪ’ ਦੀ ਨਵੀਂ ਕੌਮੀ ਕਾਰਜਕਾਰਨੀ ’ਚ ਪੰਜਾਬ ਨੂੰ ਸੀਮਤ ਨੁਮਾਇੰਦਗੀ, ਸਿਆਸੀ ਸੁਨੇਹੇ ਦੀ ਚਰਚਾ

The Aam Aadmi Party’s new 23-member national executive has three representatives from Punjab: Bhagwant Mann, Harpal Singh Cheema and Rajbir Singh Ghuman. While Mann and Cheema are also part of the 11-member Political Affairs Committee, the inclusion of Ghuman and the absence of senior leader Aman Arora have drawn political attention.

‘ਆਪ’ ਦੀ ਨਵੀਂ ਕੌਮੀ ਕਾਰਜਕਾਰਨੀ ’ਚ ਪੰਜਾਬ ਨੂੰ ਸੀਮਤ ਨੁਮਾਇੰਦਗੀ, ਸਿਆਸੀ ਸੁਨੇਹੇ ਦੀ ਚਰਚਾ

ਚੰਡੀਗੜ੍ਹ-ਆਮ ਆਦਮੀ ਪਾਰਟੀ ਵੱਲੋਂ ਐਲਾਨੀ ਨਵੀਂ ਕੌਮੀ ਜਥੇਬੰਦਕ ਬਣਤਰ ਵਿੱਚ ਪੰਜਾਬ ਨੂੰ ਉਮੀਦ ਦੇ ਮੁਕਾਬਲੇ ਸੀਮਤ ਨੁਮਾਇੰਦਗੀ ਮਿਲੀ ਹੈ। ਪੰਜਾਬ ‘ਆਪ’ ਦੀ ਸਰਕਾਰ ਵਾਲਾ ਇਕਲੌਤਾ ਸੂਬਾ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੌਮੀ ਸੰਗਠਨ ਵਿੱਚ ਸੂਬੇ ਦੀ ਵੱਧ ਭੂਮਿਕਾ ਦੀ ਉਮੀਦ ਕੀਤੀ ਜਾ ਰਹੀ ਸੀ।

23 ਮੈਂਬਰੀ ਕੌਮੀ ਕਾਰਜਕਾਰਨੀ ਵਿੱਚ ਪੰਜਾਬ ਤੋਂ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੂੰ ਥਾਂ ਮਿਲੀ ਹੈ। ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੂੰ 11 ਮੈਂਬਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।

ਰਾਜਬੀਰ ਸਿੰਘ ਘੁੰਮਣ ਦੀ ਕੌਮੀ ਕਾਰਜਕਾਰਨੀ ਵਿੱਚ ਸ਼ਮੂਲੀਅਤ ਨੂੰ ਪੰਜਾਬ ਦੀ ਸਿਆਸਤ ਵਿੱਚ ਖ਼ਾਸ ਤੌਰ ’ਤੇ ਚਰਚਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ। ਉਹ ਨਾ ਤਾਂ ਮੰਤਰੀ ਹਨ ਅਤੇ ਨਾ ਹੀ ਚੁਣੇ ਹੋਏ ਨੁਮਾਇੰਦੇ, ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲੇ ਸਹਿਯੋਗੀ ਵਜੋਂ ਪਾਰਟੀ ਦੀ ਜਥੇਬੰਦਕ ਅਤੇ ਸਿਆਸੀ ਗਤੀਵਿਧੀਆਂ ਵਿੱਚ ਭੂਮਿਕਾ ਨਿਭਾਉਂਦੇ ਹਨ।

ਉਧਰ, ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਅਤੇ ‘ਆਪ’ ਆਗੂ ਅਮਨ ਅਰੋੜਾ ਨੂੰ ਨਵੀਂ ਕੌਮੀ ਕਾਰਜਕਾਰਨੀ ਵਿੱਚ ਥਾਂ ਨਾ ਮਿਲਣ ਨੂੰ ਵੀ ਸਿਆਸੀ ਹਲਕਿਆਂ ਵਿੱਚ ਧਿਆਨ ਨਾਲ ਦੇਖਿਆ ਜਾ ਰਿਹਾ ਹੈ। ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਅਤੇ ਸੂਬੇ ਵਿੱਚ ‘ਆਪ’ ਦੀ ਸਰਕਾਰ ਨੂੰ ਦੇਖਦਿਆਂ ਨਵੀਂ ਕੌਮੀ ਬਣਤਰ ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ।