ਅਲਬਰਟਾ ਸਰਕਾਰ ਵੱਲੋਂ ਕਲਾਸਾਂ ਦਾ ਆਕਾਰ ਘਟਾਉਣ ਲਈ 200 ਮਿਲੀਅਨ ਡਾਲਰ ਦੀ ਵੱਡੀ ਫੰਡਿੰਗ

ਅਲਬਰਟਾ ਸਰਕਾਰ ਵੱਲੋਂ ਕਲਾਸਾਂ ਦਾ ਆਕਾਰ ਘਟਾਉਣ ਲਈ 200 ਮਿਲੀਅਨ ਡਾਲਰ ਦੀ ਵੱਡੀ ਫੰਡਿੰਗ

ਐਡਮੰਟਨ : ਅਲਬਰਟਾ ਵਿੱਚ ਤੇਜ਼ੀ ਨਾਲ ਵੱਧ ਰਹੀ ਵਿਦਿਆਰਥੀਆਂ ਦੀ ਗਿਣਤੀ ਕਾਰਨ ਸਕੂਲਾਂ ਵਿੱਚ ਭੀੜ ਅਤੇ ਵੱਡੀਆਂ ਕਲਾਸਾਂ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਅਲਬਰਟਾ ਸਰਕਾਰ ਨੇ 2026-27 ਸਕੂਲੀ ਸਾਲ ਲਈ ਨਵੀਂ ‘ਕਲਾਸ ਸਾਈਜ਼ ਰਿਡਕਸ਼ਨ ਗ੍ਰਾਂਟ’ ਤਹਿਤ 200 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ।ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਅਲਬਰਟਾ ਦੇ ਸਕੂਲਾਂ ਵਿੱਚ ਲਗਭਗ 90 ਹਜ਼ਾਰ ਨਵੇਂ ਵਿਦਿਆਰਥੀ ਸ਼ਾਮਲ ਹੋਏ ਹਨ, ਜਿਸ ਨਾਲ ਸਕੂਲਾਂ, ਅਧਿਆਪਕਾਂ ਅਤੇ ਪੜ੍ਹਾਈ ਦੇ ਮਾਹੌਲ ‘ਤੇ ਵੱਡਾ ਦਬਾਅ ਪਿਆ ਹੈ। ਵੱਡੀਆਂ ਅਤੇ ਜ਼ਿਆਦਾ ਜਟਿਲ ਕਲਾਸਾਂ ਕਾਰਨ ਅਧਿਆਪਕਾਂ ਲਈ ਹਰ ਵਿਦਿਆਰਥੀ ਨੂੰ ਲੋੜੀਂਦਾ ਸਮਾਂ ਅਤੇ ਧਿਆਨ ਦੇਣਾ ਔਖਾ ਹੋ ਰਿਹਾ ਹੈ।

ਇਨ੍ਹਾਂ ਚੁਣੌਤੀਆਂ ਨੂੰ ਘਟਾਉਣ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਹ ਫੰਡਿੰਗ ਕਿੰਡਰਗਾਰਟਨ ਤੋਂ ਗਰੇਡ-9 ਤੱਕ 1,400 ਤੋਂ ਵੱਧ ਨਵੇਂ ਅਧਿਆਪਕਾਂ ਦੀ ਭਰਤੀ ਲਈ ਵਰਤੀ ਜਾਵੇਗੀ। ਇਸ ਨਾਲ ਕਲਾਸਾਂ ਦਾ ਆਕਾਰ ਘਟੇਗਾ ਅਤੇ ਵਿਦਿਆਰਥੀਆਂ ਲਈ ਪੜ੍ਹਾਈ ਦਾ ਮਾਹੌਲ ਹੋਰ ਬਿਹਤਰ ਬਣੇਗਾ।

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਸਰਕਾਰ ਪਿਛਲੇ ਇਕ ਸਾਲ ਤੋਂ ਸਕੂਲਾਂ ਲਈ ਵਾਧੂ ਅਧਿਆਪਕ ਭਰਤੀ ਕਰਨ, ਹੋਰ ਸਿੱਖਿਆ ਸਹਾਇਤਾਵਾਂ ਮੁਹੱਈਆ ਕਰਵਾਉਣ ਅਤੇ ਵਿਦਿਆਰਥੀਆਂ ਲਈ ਨਵੀਆਂ ਥਾਵਾਂ ਬਣਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਮਜ਼ਬੂਤ ਕਲਾਸਰੂਮ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

‘ਕਲਾਸ ਸਾਈਜ਼ ਰਿਡਕਸ਼ਨ ਗ੍ਰਾਂਟ’ ਸਰਕਾਰ ਦੀ ‘ਕਲਾਸ ਸਾਈਜ਼ ਐਂਡ ਕਾਮਪਲੈਕਸਿਟੀ ਕੈਬਿਨੇਟ ਕਮੇਟੀ’ ਦੇ ਕੰਮ ਨੂੰ ਅੱਗੇ ਵਧਾਉਂਦੀ ਹੈ, ਜਿਸਦੀ ਸਥਾਪਨਾ ਭੀੜਭਾੜ ਅਤੇ ਜਟਿਲ ਕਲਾਸਾਂ ਨਾਲ ਨਜਿੱਠਣ ਲਈ ਕੀਤੀ ਗਈ ਸੀ। ਕਮੇਟੀ ਵੱਲੋਂ 1 ਲੱਖ 8 ਹਜ਼ਾਰ ਤੋਂ ਵੱਧ ਕਲਾਸਰੂਮਾਂ ਦੇ ਡਾਟੇ ਦਾ ਵਿਸ਼ਲੇਸ਼ਣ ਕੀਤਾ ਗਿਆ, ਤਾਂ ਜੋ ਸਭ ਤੋਂ ਵੱਧ ਦਬਾਅ ਵਾਲੇ ਸਕੂਲਾਂ ਤੱਕ ਫੰਡਿੰਗ ਪਹੁੰਚਾਈ ਜਾ ਸਕੇ।ਸਿੱਖਿਆ ਅਤੇ ਚਾਈਲਡਕੇਅਰ ਮੰਤਰੀ ਡੈਮੀਟ੍ਰਿਓਸ ਨਿਕੋਲਾਈਡਸ ਨੇ ਕਿਹਾ ਕਿ ਛੋਟੀਆਂ ਕਲਾਸਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਵੱਡਾ ਫਰਕ ਪੈਦਾ ਕਰਦੀਆਂ ਹਨ, ਖਾਸ ਕਰਕੇ ਪ੍ਰਾਇਮਰੀ ਅਤੇ ਜੂਨੀਅਰ ਹਾਈ ਪੱਧਰ ‘ਤੇ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਕਲਾਸਾਂ ਨੂੰ ਹੋਰ ਸੁਰੱਖਿਅਤ, ਸੰਭਾਲਯੋਗ ਅਤੇ ਵਿਦਿਆਰਥੀ ਸਫਲਤਾ ਕੇਂਦਰਿਤ ਬਣਾਉਣ ਵਿੱਚ ਮਦਦ ਕਰੇਗਾ।

ਸਰਕਾਰ ਨੇ ਦੱਸਿਆ ਕਿ ਇਹ ਨਿਵੇਸ਼ ਫਰਵਰੀ ਮਹੀਨੇ ਵਿੱਚ ਕੀਤੀ ਗਈ 143 ਮਿਲੀਅਨ ਡਾਲਰ ਦੀ ਫੰਡਿੰਗ ਤੋਂ ਇਲਾਵਾ ਹੈ, ਜਿਸ ਰਾਹੀਂ ਮੌਜੂਦਾ ਸਕੂਲੀ ਸਾਲ ਦੌਰਾਨ 476 ਤੱਕ ਅਧਿਆਪਕਾਂ ਅਤੇ 952 ਸਿੱਖਿਆ ਸਹਾਇਕਾਂ ਦੀ ਭਰਤੀ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।

ਐਲਕ ਆਇਲੈਂਡ ਪਬਲਿਕ ਸਕੂਲਜ਼ ਦੀ ਬੋਰਡ ਚੇਅਰ ਕੋਲੀਨ ਹੋਲੋਵੇਚੁਕ ਨੇ ਕਿਹਾ ਕਿ ਛੋਟੀਆਂ ਕਲਾਸਾਂ ਵਿਦਿਆਰਥੀਆਂ ਨੂੰ ਵਾਧੂ ਸਿੱਖਣ ਸਮਾਂ ਦਿੰਦੀਆਂ ਹਨ, ਜਿਸ ਨਾਲ ਉਹ ਮੁੱਖ ਵਿਸ਼ਿਆਂ ਅਤੇ ਧਾਰਣਾਵਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਨ।ਐਡਮੰਟਨ ਕੈਥੋਲਿਕ ਸਕੂਲਜ਼ ਦੀ ਬੋਰਡ ਚੇਅਰ ਸੈਂਡਰਾ ਪਲਾਜ਼ੋ ਨੇ ਕਿਹਾ ਕਿ ਸਰਕਾਰ ਵੱਲੋਂ ਸਭ ਤੋਂ ਵੱਧ ਦਬਾਅ ਵਾਲੇ ਸਕੂਲਾਂ ਤੱਕ ਸਿੱਧੀ ਫੰਡਿੰਗ ਪਹੁੰਚਾਉਣ ਦਾ ਤਰੀਕਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਵਧ ਰਹੀ ਵਿਦਿਆਰਥੀ ਗਿਣਤੀ ਨਾਲ ਨਜਿੱਠਣ ਅਤੇ ਵਿਦਿਆਰਥੀਆਂ ਦੀ ਸਫਲਤਾ ਲਈ ਬਿਹਤਰ ਮਾਹੌਲ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।