ਅਲਬਰਟਾ ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਵਾਪਸ, ਸਿਆਸੀ ਵਿਵਾਦ ਹੋਇਆ ਤੇਜ਼

ਅਲਬਰਟਾ ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਵਾਪਸ, ਸਿਆਸੀ ਵਿਵਾਦ ਹੋਇਆ ਤੇਜ਼

ਐਡਮੰਟਨ-ਅਲਬਰਟਾ ਸਰਕਾਰ ਨੇ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਵਿਕਣ ਵਾਲੀ ਸ਼ਰਾਬ ਦੀ ਘੱਟੋ-ਘੱਟ ਕੀਮਤ ਵਿੱਚ ਕੀਤੇ ਗਏ ਹਾਲੀਆ ਵਾਧੇ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਸੂਬੇ ਦੇ ਹੋਸਪਿਟੈਲਿਟੀ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ।

ਸੇਵਾ ਮੰਤਰੀ ਡੇਲ ਨਾਲੀ ਨੇ ਸੋਮਵਾਰ ਨੂੰ ਦੱਸਿਆ ਕਿ ਅਲਬਰਟਾ ਸਰਕਾਰ ਨੇ ਅਲਬਰਟਾ ਗੇਮਿੰਗ, ਲਿਕਰ ਐਂਡ ਕੈਨਾਬਿਸ (AGLC) ਨੂੰ ਤੁਰੰਤ ਪ੍ਰਭਾਵ ਨਾਲ ਸ਼ਰਾਬ ਦੀ ਘੱਟੋ-ਘੱਟ ਕੀਮਤ ਵਿੱਚ ਕੀਤੇ ਵਾਧੇ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।ਜ਼ਿਕਰਯੋਗ ਹੈ ਕਿ 2008 ਤੋਂ ਬਾਅਦ ਪਹਿਲੀ ਵਾਰ ਸ਼ਰਾਬ ਦੀਆਂ ਘੱਟੋ-ਘੱਟ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਇਸ ਤਹਿਤ ਬੀਅਰ, ਵਾਈਨ, ਸਪਿਰਿਟਸ ਅਤੇ ਡਰਾਫਟ ਸ਼ਰਾਬ ਦੀਆਂ ਕੀਮਤਾਂ ਵਧਣੀਆਂ ਸਨ। ਇਸ ਬਦਲਾਅ ਨਾਲ ਇੱਕ ਪਿੰਟ ਬੀਅਰ ਦੀ ਘੱਟੋ-ਘੱਟ ਕੀਮਤ 3.20 ਡਾਲਰ ਤੋਂ ਵੱਧ ਕੇ 5 ਡਾਲਰ ਹੋ ਜਾਣੀ ਸੀ।

ਡੇਲ ਨਾਲੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਰਕਾਰ ਦਾ ਇਹ ਕਦਮ ਕਾਰੋਬਾਰਾਂ ਅਤੇ ਅਲਬਰਟਾ ਵਾਸੀਆਂ ਲਈ ਸਥਿਰਤਾ ਅਤੇ ਯਕੀਨ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਸਪਿਟੈਲਿਟੀ ਉਦਯੋਗ ਰੁਜ਼ਗਾਰ ਪੈਦਾ ਕਰਨ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।ਦੂਜੇ ਪਾਸੇ, AGLC ਦਾ ਕਹਿਣਾ ਸੀ ਕਿ ਕੀਮਤਾਂ ਵਿੱਚ ਵਾਧਾ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਸੀ। ਇਸ ਨਾਲ ਸ਼ਰਾਬ ਦੀ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹ ਮਿਲਦਾ ਅਤੇ ਸਵੇਰੇ ਤੜਕੇ ਸ਼ਰਾਬ ਪਰੋਸਣ ਸਬੰਧੀ ਨਵੇਂ ਨਿਯਮਾਂ ਨਾਲ ਤਾਲਮੇਲ ਬਣਦਾ।

ਇਸ ਦੌਰਾਨ ਕੈਲਗਰੀ ਦੇ ਮੇਅਰ ਜੈਰੋਮੀ ਫਾਰਕਸ ਨੇ ਕੀਮਤਾਂ ਵਿੱਚ ਵਾਧੇ ਦੀ ਤਿੱਖੀ ਆਲੋਚਨਾ ਕਰਦਿਆਂ ਇਸ ਨੂੰ “ਮਨੋਰੰਜਨ ਵਿਰੋਧੀ ਕਦਮ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਬਾਰਾਂ, ਰੈਸਟੋਰੈਂਟਾਂ ਅਤੇ ਖ਼ਾਸ ਕਰਕੇ ਸਟੈਂਪੀਡ ਸੀਜ਼ਨ ਦੌਰਾਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੁਕਸਾਨ ਪਹੁੰਚੇਗਾ।ਇਹ ਵਿਵਾਦ ਉਸ ਸਮੇਂ ਹੋਰ ਵਧ ਗਿਆ ਜਦੋਂ ਕੈਲਗਰੀ ਵਿੱਚ ਸਟੈਂਪੀਡ ਸਮਾਗਮਾਂ ਦੌਰਾਨ ਸ਼ੋਰ-ਸ਼ਰਾਬੇ ਨੂੰ ਨਿਯੰਤਰਿਤ ਕਰਨ ਲਈ ਲਾਗੂ ਕੀਤੇ ਨਵੇਂ ਨਿਯਮਾਂ ਦਾ ਵਿਰੋਧ ਸ਼ੁਰੂ ਹੋਇਆ। ਉਦਯੋਗ ਨਾਲ ਜੁੜੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਇਸ ਨਾਲ ਰੁਜ਼ਗਾਰ, ਸੈਰ-ਸਪਾਟਾ ਅਤੇ ਲਾਈਵ ਸੰਗੀਤ ਪ੍ਰੋਗਰਾਮਾਂ ਨੂੰ ਨੁਕਸਾਨ ਹੋ ਸਕਦਾ ਹੈ।ਡੇਲ ਨਾਲੀ ਨੇ ਵੀ ਕੈਲਗਰੀ ਸਿਟੀ ਕੌਂਸਲ ਨੂੰ ਅਪੀਲ ਕੀਤੀ ਕਿ ਉਹ ਇਸ ਬਾਈਲਾਅ ਨੂੰ ਰੱਦ ਕਰੇ। ਉਨ੍ਹਾਂ ਕਿਹਾ ਕਿ ਇਹ ਨਿਯਮ ਸੈਰ-ਸਪਾਟੇ, ਰੁਜ਼ਗਾਰ ਅਤੇ ਮਸ਼ਹੂਰ ਕੈਲਗਰੀ ਸਟੈਂਪੀਡ ਦੇ ਸੰਗੀਤਕ ਮਾਹੌਲ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ।