ਅਲਬਰਟਾ ਵਿੱਚ ਛੇ ਸੁਤੰਤਰ ਸਕੂਲ ਪ੍ਰਾਜੈਕਟਾਂ ਲਈ 2.58 ਕਰੋੜ ਡਾਲਰ ਦੀ ਗ੍ਰਾਂਟ, 3,500 ਤੋਂ ਵੱਧ ਨਵੀਆਂ ਸੀਟਾਂ ਬਣਨਗੀਆਂ

Alberta is investing $25.8 million in six independent school projects to create more than 3,500 student spaces across Calgary, Edmonton and central Alberta. The projects include new school buildings, expansions and modular classrooms. Additional funding opportunities are planned for 2027 and 2028.

ਅਲਬਰਟਾ ਵਿੱਚ ਛੇ ਸੁਤੰਤਰ ਸਕੂਲ ਪ੍ਰਾਜੈਕਟਾਂ ਲਈ 2.58 ਕਰੋੜ ਡਾਲਰ ਦੀ ਗ੍ਰਾਂਟ, 3,500 ਤੋਂ ਵੱਧ ਨਵੀਆਂ ਸੀਟਾਂ ਬਣਨਗੀਆਂ

ਅਲਬਰਟਾ-ਅਲਬਰਟਾ ਸਰਕਾਰ ਸੂਬੇ ਵਿੱਚ ਸਿੱਖਿਆ ਸਹੂਲਤਾਂ ਦਾ ਵਿਸਥਾਰ ਕਰਨ ਲਈ ਛੇ ਸੁਤੰਤਰ ਸਕੂਲ ਪ੍ਰਾਜੈਕਟਾਂ ਵਾਸਤੇ 2.58 ਕਰੋੜ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਨ੍ਹਾਂ ਪ੍ਰਾਜੈਕਟਾਂ ਰਾਹੀਂ ਸੂਬੇ ਵਿੱਚ 3,500 ਤੋਂ ਵੱਧ ਨਵੀਆਂ ਵਿਦਿਆਰਥੀ ਸੀਟਾਂ ਉਪਲਬਧ ਹੋਣਗੀਆਂ। ਇਸ ਯੋਜਨਾ ਤਹਿਤ ਕੈਲਗਰੀ, ਐਡਮੰਟਨ ਅਤੇ ਕੇਂਦਰੀ ਅਲਬਰਟਾ ਵਿੱਚ ਨਵੇਂ ਸਕੂਲ ਬਣਾਏ ਜਾਣਗੇ ਅਤੇ ਮੌਜੂਦਾ ਸਕੂਲਾਂ ਦਾ ਵਿਸਥਾਰ ਕੀਤਾ ਜਾਵੇਗਾ।

ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਡਿਮੀਟ੍ਰਿਓਸ ਨਿਕੋਲਾਈਡਜ਼ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਵਿਦਿਆਰਥੀਆਂ ਲਈ ਵਧੇਰੇ ਥਾਂਵਾਂ ਬਣਾਉਣ ਦੇ ਨਾਲ-ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਲੋੜਾਂ ਅਨੁਸਾਰ ਸਕੂਲ ਚੁਣਨ ਦੇ ਮੌਕੇ ਦੇਣਾ ਹੈ। ਸੁਤੰਤਰ ਸਕੂਲਾਂ ਰਾਹੀਂ ਵਿਸ਼ੇਸ਼ ਸਿੱਖਿਆ ਲੋੜਾਂ ਵਾਲੇ ਵਿਦਿਆਰਥੀਆਂ ਅਤੇ ਧਾਰਮਿਕ ਸਿੱਖਿਆ ਚੁਣਨ ਵਾਲੇ ਪਰਿਵਾਰਾਂ ਨੂੰ ਵੀ ਸਹਾਇਤਾ ਮਿਲਦੀ ਹੈ।

ਛੇ ਪ੍ਰਾਜੈਕਟਾਂ ਵਿੱਚ ਕੈਲਗਰੀ ਦੇ ਬੀਅਰਸਪਾਅ ਕ੍ਰਿਸਚੀਅਨ ਸਕੂਲ ਦੇ ਤੀਜੇ ਪੜਾਅ ਲਈ 18 ਲੱਖ ਡਾਲਰ ਅਤੇ ਚੌਥੇ ਪੜਾਅ ਲਈ 61 ਲੱਖ ਡਾਲਰ ਦਿੱਤੇ ਜਾਣਗੇ। ਇਨ੍ਹਾਂ ਨਾਲ ਕ੍ਰਮਵਾਰ 300 ਅਤੇ 1,072 ਵਿਦਿਆਰਥੀਆਂ ਲਈ ਥਾਂ ਬਣੇਗੀ। ਕੈਲਗਰੀ ਦੀ ਥਰਡ ਅਕੈਡਮੀ ਨੂੰ ਵਿਸ਼ੇਸ਼ ਸਿੱਖਿਆ ਲੋੜਾਂ ਵਾਲੇ ਵਿਦਿਆਰਥੀਆਂ ਲਈ 80 ਨਵੀਆਂ ਸੀਟਾਂ ਬਣਾਉਣ ਵਾਸਤੇ 6,66,667 ਡਾਲਰ ਮਿਲਣਗੇ।

ਖਾਲਸਾ ਸਕੂਲ ਕੈਲਗਰੀ ਦੇ ਵਿਸਥਾਰ ਲਈ 33 ਲੱਖ ਡਾਲਰ ਰੱਖੇ ਗਏ ਹਨ, ਜਿਸ ਨਾਲ 300 ਨਵੀਆਂ ਸੀਟਾਂ ਬਣਨਗੀਆਂ। ਐਡਮੰਟਨ ਇਸਲਾਮਿਕ ਸਕੂਲ ਦੀ ਨਵੀਂ ਇਮਾਰਤ ਲਈ ਇੱਕ ਕਰੋੜ ਡਾਲਰ ਦਿੱਤੇ ਜਾਣਗੇ, ਜਿਸ ਨਾਲ 1,700 ਵਿਦਿਆਰਥੀਆਂ ਲਈ ਥਾਂ ਉਪਲਬਧ ਹੋਵੇਗੀ। ਇਸੇ ਤਰ੍ਹਾਂ ਸਿਲਵਨ ਲੇਕ ਅਤੇ ਲਾਕੌਂਬ ਕਾਊਂਟੀ ਖੇਤਰ ਵਿੱਚ ਲਾਈਟਹਾਊਸ ਕ੍ਰਿਸਚੀਅਨ ਅਕੈਡਮੀ ਦੀ ਨਵੀਂ ਇਮਾਰਤ ਲਈ 40 ਲੱਖ ਡਾਲਰ ਦਿੱਤੇ ਜਾਣਗੇ, ਜਿਸ ਨਾਲ 126 ਨਵੀਆਂ ਸੀਟਾਂ ਬਣਨਗੀਆਂ।

ਸਰਕਾਰ ਮੁਤਾਬਕ, ਸੂਬੇ ਵੱਲੋਂ ਦਿੱਤੀ ਜਾਣ ਵਾਲੀ 2.58 ਕਰੋੜ ਡਾਲਰ ਦੀ ਰਕਮ ਨਾਲ ਸੁਤੰਤਰ ਸਕੂਲ ਪ੍ਰਬੰਧਕਾਂ ਅਤੇ ਭਾਈਚਾਰਕ ਭਾਈਵਾਲਾਂ ਵੱਲੋਂ 10.8 ਕਰੋੜ ਡਾਲਰ ਤੋਂ ਵੱਧ ਦਾ ਵਾਧੂ ਨਿਵੇਸ਼ ਆਕਰਸ਼ਿਤ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਸਾਰੇ ਪ੍ਰਾਜੈਕਟਾਂ ਵਿੱਚ ਕੁੱਲ ਨਿਵੇਸ਼ 13.4 ਕਰੋੜ ਡਾਲਰ ਤੋਂ ਵੱਧ ਹੋਵੇਗਾ।

ਥਰਡ ਅਕੈਡਮੀ ਦੇ ਸਕੂਲ ਮੁਖੀ ਸੁਨੀਲ ਮੱਟੂ ਨੇ ਵਿਸ਼ੇਸ਼ ਸਿੱਖਿਆ ਲੋੜਾਂ ਵਾਲੇ ਵਿਦਿਆਰਥੀਆਂ ਲਈ 80 ਨਵੀਆਂ ਸੀਟਾਂ ਦੇ ਪ੍ਰਬੰਧ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਆਪਣੇ ਬੱਚਿਆਂ ਲਈ ਢੁੱਕਵੀਂ ਸਿੱਖਿਆ ਦੀ ਭਾਲ ਕਰ ਰਹੇ ਪਰਿਵਾਰਾਂ ਨੂੰ ਮਦਦ ਮਿਲੇਗੀ। ਖਾਲਸਾ ਸਕੂਲ ਕੈਲਗਰੀ ਦੇ ਚੇਅਰਮੈਨ ਰਣਬੀਰ ਸਿੰਘ ਪਰਮਾਰ ਨੇ ਵੀ ਇਸ ਨਿਵੇਸ਼ ਨੂੰ ਸਕੂਲ ਅਤੇ ਭਾਈਚਾਰੇ ਲਈ ਮਹੱਤਵਪੂਰਨ ਦੱਸਿਆ।

ਸਰਕਾਰ ਅਨੁਸਾਰ, ਸੁਤੰਤਰ ਸਕੂਲਾਂ ਲਈ ਗ੍ਰਾਂਟ ਅਰਜ਼ੀਆਂ ਦੇ ਅਗਲੇ ਮੌਕੇ 2027 ਅਤੇ 2028 ਵਿੱਚ ਦਿੱਤੇ ਜਾਣ ਦੀ ਯੋਜਨਾ ਹੈ। ਸਾਲ 2027-28 ਲਈ 2.5 ਕਰੋੜ ਡਾਲਰ ਅਤੇ 2028-29 ਲਈ 3 ਕਰੋੜ ਡਾਲਰ ਉਪਲਬਧ ਕਰਵਾਉਣ ਦੀ ਯੋਜਨਾ ਹੈ।

ਇਹ ਪ੍ਰੋਗਰਾਮ ਸਰਕਾਰ ਦੇ 10.8 ਅਰਬ ਡਾਲਰ ਦੇ ‘ਸਕੂਲਜ਼ ਨਾਓ’ ਪ੍ਰੋਗਰਾਮ ਤੋਂ ਵੱਖਰਾ ਹੋਣ ਦੇ ਨਾਲ ਉਸ ਦੇ ਵਿਸਥਾਰਕ ਯਤਨਾਂ ਨੂੰ ਵੀ ਪੂਰਕ ਕਰਦਾ ਹੈ। ਇਸ ਪ੍ਰੋਗਰਾਮ ਤਹਿਤ ਸੂਬੇ ਵਿੱਚ 100 ਤੋਂ ਵੱਧ ਸਰਕਾਰੀ ਸਕੂਲ ਬਣਾਉਣ ਅਤੇ ਨਵੀਨੀਕਰਨ ਕਰਨ ਦਾ ਟੀਚਾ ਹੈ। ਸਰਕਾਰ ਮੁਤਾਬਕ, 2019 ਤੋਂ ਹੁਣ ਤੱਕ 205 ਸਰਕਾਰੀ ਸਕੂਲ ਪ੍ਰਾਜੈਕਟਾਂ ਲਈ ਫੰਡ ਦਿੱਤੇ ਗਏ ਹਨ।