ਅਲਬਰਟਾ ਵਿੱਚ ਗਰਮੀਆਂ ਦੇ ਖੇਡ ਸੀਜ਼ਨ ਦੀ ਸ਼ੁਰੂਆਤ, ਵੱਡੇ ਖੇਡ ਮੁਕਾਬਲਿਆਂ ਲਈ 13 ਲੱਖ ਡਾਲਰ ਦੀ ਸਹਾਇਤਾ
ਐਡਮੰਟਨ-ਐਲਬਰਟਾ ਵਿੱਚ ਗਰਮੀਆਂ ਦੇ ਖੇਡ ਸੀਜ਼ਨ ਦੀ ਸ਼ੁਰੂਆਤ ਨਾਲ ਸੂਬੇ ਭਰ ਦੀਆਂ ਕਮਿਊਨਿਟੀਆਂ ਵਿੱਚ ਵੱਡੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਜ਼ਾਰਾਂ ਖਿਡਾਰੀ, ਕੋਚ, ਅਧਿਕਾਰੀ ਅਤੇ ਦਰਸ਼ਕ ਇਨ੍ਹਾਂ ਖੇਡ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਐਲਬਰਟਾ ਪਹੁੰਚ ਰਹੇ ਹਨ।ਐਲਬਰਟਾ ਸਰਕਾਰ ਵੱਲੋਂ “ਮੇਜਰ ਸਪੋਰਟ ਇਵੈਂਟਸ” ਗ੍ਰਾਂਟ ਪ੍ਰੋਗਰਾਮ ਤਹਿਤ ਫਰਵਰੀ ਤੋਂ ਅਗਸਤ 2026 ਤੱਕ ਹੋਣ ਵਾਲੇ 12 ਵੱਡੇ ਖੇਡ ਮੁਕਾਬਲਿਆਂ ਲਈ 13 ਲੱਖ ਡਾਲਰ ਦੀ ਫੰਡਿੰਗ ਮੁਹੱਈਆ ਕਰਵਾਈ ਗਈ ਹੈ। ਇਸ ਸਹਾਇਤਾ ਨਾਲ ਕੈਲਗਰੀ, ਕੈਨਮੋਰ, ਗਰਾਂਡ ਪ੍ਰੇਰੀ, ਐਡਮੰਟਨ ਅਤੇ ਸੇਂਟ ਐਲਬਰਟ ਵਿੱਚ ਹੋਣ ਵਾਲੇ ਖੇਡ ਸਮਾਗਮਾਂ ਨੂੰ ਮਦਦ ਮਿਲੇਗੀ।
ਸਰਕਾਰ ਮੁਤਾਬਕ ਇਸ ਫੰਡ ਨਾਲ ਸਥਾਨਕ ਟੂਰਿਜ਼ਮ ਨੂੰ ਉਤਸ਼ਾਹ ਮਿਲੇਗਾ, ਛੋਟੇ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ ਅਤੇ ਐਲਬਰਟਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਖੇਡ ਮੰਜ਼ਿਲ ਵਜੋਂ ਮਜ਼ਬੂਤ ਪਛਾਣ ਮਿਲੇਗੀ। ਖੇਡਾਂ ਵਿੱਚ ਕਲਾਈਮਬਿੰਗ, ਟ੍ਰਾਇਥਲਾਨ, ਰੈਸਲਿੰਗ, ਕਰਲਿੰਗ, BMX, ਸਾਫਟਬਾਲ ਅਤੇ ਤਾਇਕਵਾਂਡੋ ਸ਼ਾਮਲ ਹਨ।ਟੂਰਿਜ਼ਮ ਅਤੇ ਖੇਡ ਮੰਤਰੀ ਐਂਡਰੂ ਬੋਇਚੈਂਕੋ ਨੇ ਕਿਹਾ ਕਿ ਐਲਬਰਟਾ ਵੱਡੇ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਵਿੱਚ ਅਗੇਤਾਰ ਸੂਬਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ਼ ਖੇਡਾਂ ਨੂੰ ਹੀ ਨਹੀਂ, ਸਗੋਂ ਸਥਾਨਕ ਅਰਥਵਿਵਸਥਾ ਅਤੇ ਰੋਜ਼ਗਾਰ ਨੂੰ ਵੀ ਮਜ਼ਬੂਤ ਕਰਦੇ ਹਨ।
ਸਾਲ 2026 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਐਲਬਰਟਾ ਵਿੱਚ ਸੱਤ ਵੱਡੇ ਖੇਡ ਸਮਾਗਮ ਸਫਲਤਾਪੂਰਵਕ ਕਰਵਾਏ ਗਏ, ਜਿਨ੍ਹਾਂ ਵਿੱਚ ਇੱਕ ਲੱਖ ਤਿੰਨ ਹਜ਼ਾਰ ਤੋਂ ਵੱਧ ਖਿਡਾਰੀਆਂ ਅਤੇ ਦਰਸ਼ਕਾਂ ਨੇ ਹਿੱਸਾ ਲਿਆ। ਸਰਕਾਰ ਅਨੁਸਾਰ ਇਨ੍ਹਾਂ ਸਮਾਗਮਾਂ ਨਾਲ ਸਥਾਨਕ ਅਰਥਵਿਵਸਥਾ ਨੂੰ ਵੱਡਾ ਲਾਭ ਹੋਇਆ ਅਤੇ ਐਲਬਰਟਾ ਦੀ ਅੰਤਰਰਾਸ਼ਟਰੀ ਪੱਧਰ ‘ਤੇ ਸਾਖ ਹੋਰ ਮਜ਼ਬੂਤ ਹੋਈ।
ਆਉਣ ਵਾਲੇ ਮਹੀਨਿਆਂ ਵਿੱਚ ਹੋਣ ਵਾਲੇ ਪੰਜ ਹੋਰ ਵੱਡੇ ਖੇਡ ਸਮਾਗਮਾਂ ਵਿੱਚ ਐਡਮੰਟਨ ਐਥਲੈਟਿਕਸ ਇਨਵਾਈਟੇਸ਼ਨਲ, ਵਰਲਡ ਟ੍ਰਾਇਥਲਾਨ ਕੱਪ, ਅੰਡਰ-17 ਮਹਿਲਾ ਕੈਨੇਡੀਅਨ ਫਾਸਟ ਪਿਚ ਚੈਂਪੀਅਨਸ਼ਿਪ ਅਤੇ ਕੈਨੇਡੀਅਨ BMX ਚੈਂਪੀਅਨਸ਼ਿਪ ਸ਼ਾਮਲ ਹਨ। ਇਨ੍ਹਾਂ ਸਮਾਗਮਾਂ ਵਿੱਚ 12 ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।ਐਕਸਪਲੋਰ ਐਡਮੰਟਨ ਦੀ ਪ੍ਰਧਾਨ ਅਤੇ ਸੀਈਓ ਟ੍ਰੇਸੀ ਬੈਡਨਾਰਡ ਨੇ ਕਿਹਾ ਕਿ ਐਡਮੰਟਨ ਨੂੰ ਕੈਨੇਡਾ ਦਾ ਨੰਬਰ ਇੱਕ ਖੇਡ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਅਜਿਹੇ ਸਮਾਗਮ ਸ਼ਹਿਰ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।
“ਮੇਜਰ ਸਪੋਰਟ ਇਵੈਂਟਸ” ਗ੍ਰਾਂਟ ਪ੍ਰੋਗਰਾਮ ਤਹਿਤ ਹਰ ਸਮਾਗਮ ਲਈ ਵੱਧ ਤੋਂ ਵੱਧ 2 ਲੱਖ 50 ਹਜ਼ਾਰ ਡਾਲਰ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਮੈਦਾਨਾਂ ਦੇ ਕਿਰਾਏ, ਢਾਂਚਾਗਤ ਸੁਧਾਰਾਂ, ਪ੍ਰਚਾਰ-ਪ੍ਰਸਾਰ, ਬਰਾਡਕਾਸਟਿੰਗ ਅਤੇ ਖਿਡਾਰੀਆਂ ਲਈ ਰਿਹਾਇਸ਼ ‘ਤੇ ਖਰਚ ਕੀਤੀ ਜਾ ਸਕਦੀ ਹੈ।ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਚੱਕਰ ਲਈ ਅਰਜ਼ੀਆਂ 2026 ਦੀ ਪਤਝੜ ਰੁੱਤ ਵਿੱਚ ਖੋਲ੍ਹੀਆਂ ਜਾਣਗੀਆਂ ਅਤੇ ਵੱਡੇ ਖੇਡ ਸਮਾਗਮ ਐਲਬਰਟਾ ਵਿੱਚ ਲਿਆਉਣ ਦੇ ਇੱਛੁਕ ਆਯੋਜਕਾਂ ਨੂੰ ਅਰਜ਼ੀਆਂ ਦੇਣ ਲਈ ਉਤਸ਼ਾਹਿਤ ਕੀਤਾ ਗਿਆ ਹੈ।
















