ਅਲਬਰਟਾ ਵਿੱਚ ਕਿਫਾਇਤੀ ਘਰਾਂ ਦੀ ਉਸਾਰੀ ਲਈ 385 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼
Alberta and Build Canada Homes have announced a partnership worth more than $385 million to support affordable housing across the province. The initial funding will back 21 projects and create at least 1,460 new affordable homes. Alberta will contribute more than $165 million, while Build Canada Homes will provide up to $220 million in grants and loans. The partnership will also introduce coordinated project selection and work toward a single-window funding process to reduce duplication and speed up housing construction.
ਐਡਮੰਟਨ-ਅਲਬਰਟਾ ਸਰਕਾਰ ਅਤੇ ਬਿਲਡ ਕੈਨੇਡਾ ਹੋਮਜ਼ ਨੇ ਸੂਬੇ ਭਰ ਵਿੱਚ ਕਿਫਾਇਤੀ ਰਿਹਾਇਸ਼ ਦੀ ਉਸਾਰੀ ਨੂੰ ਤੇਜ਼ ਕਰਨ ਲਈ 385 ਮਿਲੀਅਨ ਡਾਲਰ ਤੋਂ ਵੱਧ ਦੇ ਸਾਂਝੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਭਾਈਵਾਲੀ ਤਹਿਤ ਇਸ ਸਾਲ ਹੀ ਅਲਬਰਟਾ ਦੇ ਵੱਖ-ਵੱਖ ਇਲਾਕਿਆਂ ਵਿੱਚ 21 ਕਿਫਾਇਤੀ ਰਿਹਾਇਸ਼ ਪ੍ਰਾਜੈਕਟਾਂ ਨੂੰ ਸਹਾਇਤਾ ਦਿੱਤੀ ਜਾਵੇਗੀ।ਇਨ੍ਹਾਂ ਪ੍ਰਾਜੈਕਟਾਂ ਰਾਹੀਂ ਲੋੜਵੰਦ ਅਲਬਰਟਾ ਵਾਸੀਆਂ ਲਈ ਘੱਟੋ-ਘੱਟ 1,460 ਨਵੇਂ ਕਿਫਾਇਤੀ ਘਰ ਤਿਆਰ ਕੀਤੇ ਜਾਣਗੇ। ਅਲਬਰਟਾ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਲਈ ਆਪਣੇ ਮੌਜੂਦਾ ਪ੍ਰੋਗਰਾਮਾਂ ਰਾਹੀਂ 165 ਮਿਲੀਅਨ ਡਾਲਰ ਤੋਂ ਵੱਧ ਦੀ ਪੂੰਜੀ ਦੇਣ ਦਾ ਵਾਅਦਾ ਕੀਤਾ ਹੈ।
ਦੂਜੇ ਪਾਸੇ, ਬਿਲਡ ਕੈਨੇਡਾ ਹੋਮਜ਼ ਵੱਲੋਂ ਇਨ੍ਹਾਂ ਪ੍ਰਾਜੈਕਟਾਂ ਲਈ 220 ਮਿਲੀਅਨ ਡਾਲਰ ਤੱਕ ਦੀ ਗ੍ਰਾਂਟ ਅਤੇ ਕਰਜ਼ਾ ਸਹਾਇਤਾ ਦਿੱਤੀ ਜਾਵੇਗੀ। ਸਰਕਾਰਾਂ ਦਾ ਕਹਿਣਾ ਹੈ ਕਿ ਸਾਂਝੀ ਯੋਜਨਾਬੰਦੀ ਨਾਲ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ।ਸਮਝੌਤੇ ਤਹਿਤ ਅਲਬਰਟਾ ਅਤੇ ਬਿਲਡ ਕੈਨੇਡਾ ਹੋਮਜ਼ ਵਿਚਾਲੇ ਇੱਕ ਨਵਾਂ ਸਹਿਯੋਗ ਮੰਚ ਵੀ ਬਣਾਇਆ ਜਾਵੇਗਾ, ਜੋ ਭਵਿੱਖ ਦੇ ਕਿਫਾਇਤੀ ਰਿਹਾਇਸ਼ ਪ੍ਰਾਜੈਕਟਾਂ ਦੀ ਚੋਣ ਅਤੇ ਫੰਡਿੰਗ ਸਬੰਧੀ ਫੈਸਲਿਆਂ ਵਿੱਚ ਤਾਲਮੇਲ ਕਰੇਗਾ।ਅਲਬਰਟਾ ਸਰਕਾਰ ਵੱਲੋਂ ਸਿਫਾਰਸ਼ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਨੂੰ ਫੈਡਰਲ ਫੰਡਿੰਗ ਲਈ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਸਥਾਨਕ ਲੋੜਾਂ ਅਤੇ ਸੂਬਾਈ ਤਰਜੀਹਾਂ ਨੂੰ ਕੇਂਦਰ ਵਿੱਚ ਰੱਖਿਆ ਜਾ ਸਕੇ।
ਦੋਵੇਂ ਸਰਕਾਰਾਂ ਕਿਫਾਇਤੀ ਰਿਹਾਇਸ਼ ਪ੍ਰਾਜੈਕਟਾਂ ਲਈ ਅਰਜ਼ੀ ਦੇਣ ਵਾਲੀਆਂ ਸੰਸਥਾਵਾਂ ਲਈ ਇੱਕ ਸਾਂਝੀ “ਸਿੰਗਲ ਵਿੰਡੋ” ਪ੍ਰਣਾਲੀ ਬਣਾਉਣ ਵੱਲ ਵੀ ਕੰਮ ਕਰਨਗੀਆਂ। ਇਸ ਨਾਲ ਪ੍ਰੋਜੈਕਟ ਪ੍ਰਮੋਟਰਾਂ ਨੂੰ ਸੂਬਾਈ ਅਤੇ ਫੈਡਰਲ ਫੰਡਿੰਗ ਲਈ ਵੱਖ-ਵੱਖ ਪ੍ਰਕਿਰਿਆਵਾਂ ਵਿੱਚੋਂ ਲੰਘਣ ਦੀ ਬਜਾਏ ਇੱਕ ਸੁਚੱਜੀ ਪ੍ਰਕਿਰਿਆ ਰਾਹੀਂ ਸਹਾਇਤਾ ਮਿਲ ਸਕੇਗੀ।ਅਲਬਰਟਾ ਦੇ ਹਾਊਸਿੰਗ ਮੰਤਰੀ ਨੈਥਨ ਨਿਊਡੋਰਫ ਨੇ ਕਿਹਾ ਕਿ ਇਸ ਸਮਝੌਤੇ ਨਾਲ ਹੋਰ ਕਿਫਾਇਤੀ ਘਰ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਅਲਬਰਟਾ ਦੀਆਂ ਤਰਜੀਹਾਂ ਨੂੰ ਰਿਹਾਇਸ਼ੀ ਫੈਸਲਿਆਂ ਦੇ ਕੇਂਦਰ ਵਿੱਚ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬਾਈ ਅਤੇ ਫੈਡਰਲ ਨਿਵੇਸ਼ ਵਿੱਚ ਬਿਹਤਰ ਤਾਲਮੇਲ ਨਾਲ ਦੁਹਰਾਵੇ ਨੂੰ ਘਟਾਇਆ ਜਾ ਸਕੇਗਾ, ਫੰਡਿੰਗ ਤੱਕ ਪਹੁੰਚ ਆਸਾਨ ਹੋਵੇਗੀ ਅਤੇ ਪ੍ਰਾਜੈਕਟ ਤੇਜ਼ੀ ਨਾਲ ਸ਼ੁਰੂ ਕੀਤੇ ਜਾ ਸਕਣਗੇ।ਇਹ ਭਾਈਵਾਲੀ ਅਲਬਰਟਾ ਦੀ ਸਟ੍ਰਾਂਗਰ ਫਾਊਂਡੇਸ਼ਨਜ਼ ਕਿਫਾਇਤੀ ਰਿਹਾਇਸ਼ ਰਣਨੀਤੀ ਨੂੰ ਵੀ ਅੱਗੇ ਵਧਾਏਗੀ, ਜੋ ਸਾਲ 2021 ਵਿੱਚ ਸ਼ੁਰੂ ਕੀਤੀ ਗਈ ਸੀ।ਇਸ ਰਣਨੀਤੀ ਦੇ ਸ਼ੁਰੂ ਹੋਣ ਤੋਂ ਬਾਅਦ ਸੂਬੇ ਵਿੱਚ ਕਿਫਾਇਤੀ ਰਿਹਾਇਸ਼ ਲਈ 730 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਦੇਣ ਦਾ ਵਾਅਦਾ ਕੀਤਾ ਜਾ ਚੁੱਕਾ ਹੈ।ਅਲਬਰਟਾ ਸਰਕਾਰ ਦਾ ਟੀਚਾ ਸਾਲ 2031 ਤੱਕ ਵਾਧੂ 25,000 ਕਿਫਾਇਤੀ ਰਿਹਾਇਸ਼ੀ ਪਰਿਵਾਰਾਂ ਨੂੰ ਸਹਾਇਤਾ ਦੇਣਾ ਹੈ ਅਤੇ ਮੌਜੂਦਾ ਤਰੱਕੀ ਨਾਲ ਸੂਬਾ ਇਸ ਟੀਚੇ ਵੱਲ ਲਗਭਗ 70 ਫੀਸਦੀ ਰਸਤਾ ਤੈਅ ਕਰ ਚੁੱਕਾ ਹੈ।
















