ਅਲਬਰਟਾ ਵਿਧਾਨ ਸਭਾ ਦਾ ਸੈਸ਼ਨ ਸਮਾਪਤ, ਵੱਖਵਾਦੀ ਚਰਚਾਵਾਂ ਰਹੀਆਂ ਹਾਵੀ

ਅਲਬਰਟਾ ਵਿਧਾਨ ਸਭਾ ਦਾ ਸੈਸ਼ਨ ਸਮਾਪਤ, ਵੱਖਵਾਦੀ ਚਰਚਾਵਾਂ ਰਹੀਆਂ ਹਾਵੀ

Alberta : ਅਲਬਰਟਾ ਵਿਧਾਨ ਸਭਾ ਦਾ ਬਸੰਤ ਸੈਸ਼ਨ ਵੀਰਵਾਰ ਨੂੰ ਸਮਾਪਤ ਹੋ ਗਿਆ। ਇਸ ਸੈਸ਼ਨ ਦੌਰਾਨ ਵੱਖਵਾਦ, ਵੋਟਰ ਲਿਸਟ ਲੀਕ ਮਾਮਲਾ ਅਤੇ ਨਾਗਰਿਕ ਅਧਾਰਿਤ ਪਟੀਸ਼ਨਾਂ ਨੂੰ ਲੈ ਕੇ ਚਰਚਾਵਾਂ ਸਭ ਤੋਂ ਵੱਧ ਹਾਵੀ ਰਹੀਆਂ।ਹਾਊਸ ਲੀਡਰ Joseph Schow ਨੇ ਕਿਹਾ ਕਿ ਵਿਧਾਨ ਸਭਾ ਵਿੱਚ ਵੱਖਵਾਦ ਦੇ ਮੁੱਦੇ ‘ਤੇ ਕਾਫ਼ੀ ਸਮਾਂ ਲੱਗਾ, ਜਿਸ ਲਈ ਉਨ੍ਹਾਂ ਨੇ ਵਿਰੋਧੀ ਧਿਰ ਐਨਡੀਪੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਬਸੰਤ ਸੈਸ਼ਨ ਦੌਰਾਨ 17 ਬਿਲ ਪਾਸ ਕੀਤੇ ਜੋ ਅਲਬਰਟਾ ਵਾਸੀਆਂ ਅਤੇ ਵੱਖ-ਵੱਖ ਹਿੱਸੇਦਾਰਾਂ ਦੇ ਮੁੱਦਿਆਂ ਨਾਲ ਸਬੰਧਤ ਹਨ।ਸ਼ੋ ਨੇ ਕਿਹਾ ਕਿ ਐਨਡੀਪੀ ਕੋਲ ਹੋਰ ਕੋਈ ਯੋਜਨਾ ਨਹੀਂ ਹੈ ਅਤੇ ਉਹ ਸਿਰਫ਼ ਵੱਖਵਾਦ ਦੀ ਗੱਲ ਕਰ ਰਹੀ ਹੈ।ਦੂਜੇ ਪਾਸੇ, ਐਨਡੀਪੀ ਆਗੂ Naheed Nenshi ਨੇ ਸ਼ੋ ਦੇ ਬਿਆਨਾਂ ਨੂੰ ਰੱਦ ਕਰਦਿਆਂ ਪ੍ਰੀਮੀਅਰ Danielle Smith ‘ਤੇ ਵੱਖਵਾਦੀ ਭਾਵਨਾਵਾਂ ਨੂੰ ਰਾਜਨੀਤਿਕ ਲਾਭ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲਗਾਏ। ਨੈਨਸ਼ੀ ਨੇ ਕਿਹਾ ਕਿ ਪ੍ਰੀਮੀਅਰ ਲੋਕਾਂ ਨੂੰ ਇਹ ਮਹਿਸੂਸ ਕਰਵਾਉਣਾ ਚਾਹੁੰਦੀ ਹੈ ਕਿ ਇਹ ਲਹਿਰ ਵੱਧ ਰਹੀ ਹੈ ਤਾਂ ਜੋ ਉਸਦੀ ਰਾਜਨੀਤਿਕ ਸਥਿਤੀ ਮਜ਼ਬੂਤ ਹੋ ਸਕੇ।

ਸੈਸ਼ਨ ਦੌਰਾਨ ਸਰਕਾਰ ਵੱਲੋਂ ਕਈ ਮਹੱਤਵਪੂਰਨ ਬਿਲ ਪਾਸ ਕੀਤੇ ਗਏ। ਇਨ੍ਹਾਂ ਵਿੱਚ ਬਿਲ 18 ਵੀ ਸ਼ਾਮਲ ਹੈ, ਜਿਸ ਅਧੀਨ ਮਾਨਸਿਕ ਬਿਮਾਰੀ ਨੂੰ ਇਕੱਲਾ ਕਾਰਨ ਬਣਾਕੇ Medical Assistance in Dying (MAID) ਦੀ ਸਹੂਲਤ ‘ਤੇ ਰੋਕ ਲਗਾਈ ਗਈ ਹੈ। ਬਿਲ 23 ਰਾਹੀਂ ਡੇਲਾਈਟ ਸੇਵਿੰਗ ਟਾਈਮ ਖਤਮ ਕਰਨ ਦਾ ਰਸਤਾ ਖੁੱਲ੍ਹਿਆ ਹੈ।

 ਬਿਲ 28 ਤਹਿਤ ਸਕੂਲੀ ਲਾਇਬ੍ਰੇਰੀਆਂ ਵਿੱਚ ਨਾਬਾਲਿਗਾਂ ਦੀ ਅਸ਼ਲੀਲ ਸਮੱਗਰੀ ਤੱਕ ਪਹੁੰਚ ਸੀਮਿਤ ਕੀਤੀ ਗਈ ਹੈ, ਜਦਕਿ ਬਿਲ 29 ਨਾਲ ਅਲਬਰਟਾ ਵਾਸੀ ਡਾਇਗਨੋਸਟਿਕ ਟੈਸਟਾਂ ਲਈ ਖੁਦ ਰੈਫਰ ਹੋ ਸਕਣਗੇ।ਐਨਡੀਪੀ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਅਲਬਰਟਾ ਦੇ ਲੋਕਾਂ ਦੀਆਂ ਕਦਰਾਂ-ਕੀਮਤਾਂ ਨਾਲ ਮੇਲ ਨਹੀਂ ਖਾਂਦੇ। ਪਾਰਟੀ ਨੇ ਦੋ-ਪੱਧਰੀ ਅਮਰੀਕੀ ਸਟਾਈਲ ਸਿਹਤ ਪ੍ਰਣਾਲੀ, ਡੇਲਾਈਟ ਸੇਵਿੰਗ ਟਾਈਮ ਖਤਮ ਕਰਨ ਅਤੇ ਨਸਲੀ ਭਾਵਨਾਵਾਂ ਨਾਲ ਜੁੜੇ ਰੈਫਰੈਂਡਮਾਂ ਵਰਗੇ ਮੁੱਦਿਆਂ ‘ਤੇ ਸਰਕਾਰ ਦੀ ਨੀਤੀ ਦੀ ਆਲੋਚਨਾ ਕੀਤੀ।ਵਿਧਾਨ ਸਭਾ ਦੇ ਮੈਂਬਰ ਹੁਣ 27 ਅਕਤੂਬਰ ਨੂੰ ਮੁੜ ਸਦਨ ਵਿੱਚ ਵਾਪਸੀ ਕਰਨਗੇ।