ਅਲਬਰਟਾ ’ਚ ਪਰਿਵਾਰਕ ਹਿੰਸਾ ਨਾਲ ਨਜਿੱਠਣ ਲਈ 15 ਮਿਲੀਅਨ ਡਾਲਰ ਦੀ ਗ੍ਰਾਂਟ

The Alberta government has announced nearly $15 million in new grants to strengthen services for people affected by family violence. The funding will be provided through three programs: $4 million for facility improvements, $5.8 million for regional collaboration and innovation, and $5.1 million for operational funding. The investment is part of Alberta’s broader $62-million commitment to address family violence.

ਅਲਬਰਟਾ ’ਚ ਪਰਿਵਾਰਕ ਹਿੰਸਾ ਨਾਲ ਨਜਿੱਠਣ ਲਈ 15 ਮਿਲੀਅਨ ਡਾਲਰ ਦੀ ਗ੍ਰਾਂਟ

ਅਲਬਰਟਾ-ਅਲਬਰਟਾ ਸਰਕਾਰ ਨੇ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਸਹਾਇਤਾ ਅਤੇ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕਰੀਬ 15 ਮਿਲੀਅਨ ਡਾਲਰ ਦੇ ਨਵੇਂ ਫੰਡ ਦਾ ਐਲਾਨ ਕੀਤਾ ਹੈ। ਇਸ ਰਕਮ ਨੂੰ ਤਿੰਨ ਵੱਖ-ਵੱਖ ਗ੍ਰਾਂਟ ਯੋਜਨਾਵਾਂ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ।

ਸਰਕਾਰ ਮੁਤਾਬਕ ਨਵੇਂ ਫੰਡ ਦਾ ਮਕਸਦ ਭਾਈਚਾਰਕ ਪੱਧਰ ’ਤੇ ਲਚਕੀਲੀਆਂ ਸੇਵਾਵਾਂ ਦਾ ਵਿਸਥਾਰ ਕਰਨਾ, ਮੌਜੂਦਾ ਸਹੂਲਤਾਂ ਨੂੰ ਆਧੁਨਿਕ ਬਣਾਉਣਾ ਅਤੇ ਪਰਿਵਾਰਕ ਹਿੰਸਾ ਨਾਲ ਜੁੜੀਆਂ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਵਿਚਕਾਰ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।

ਇਹ ਨਿਵੇਸ਼ ਸਰਕਾਰ ਵੱਲੋਂ ਹਾਲ ਹੀ ਵਿੱਚ ਪਰਿਵਾਰਕ ਹਿੰਸਾ ਨਾਲ ਨਜਿੱਠਣ ਲਈ ਕੀਤੇ ਗਏ 62 ਮਿਲੀਅਨ ਡਾਲਰ ਦੇ ਵੱਡੇ ਨਿਵੇਸ਼ ਦਾ ਹਿੱਸਾ ਹੈ।ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਬਾਰੇ ਮੰਤਰੀ ਸੀਅਰਲ ਟਰਟਨ ਨੇ ਕਿਹਾ ਕਿ ਪਰਿਵਾਰਕ ਹਿੰਸਾ ਦਾ ਪਰਿਵਾਰਾਂ ’ਤੇ ਬਹੁਤ ਗੰਭੀਰ ਪ੍ਰਭਾਵ ਪੈਂਦਾ ਹੈ ਅਤੇ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਮਦਦ ਉਨ੍ਹਾਂ ਦੇ ਰਹਿਣ ਵਾਲੇ ਸਥਾਨ ਦੇ ਨੇੜੇ ਹੀ ਮਿਲ ਸਕੇ।

ਅਲਬਰਟਾ ਸਰਕਾਰ ਮੁਤਾਬਕ ਇਹ ਨਿਵੇਸ਼ ਸੂਬੇ ਦੀ ਐਮਰਜੈਂਸੀ ਪਰਿਵਾਰਕ ਹਿੰਸਾ ਪ੍ਰਤੀਕਿਰਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲਿੰਗ-ਆਧਾਰਿਤ ਹਿੰਸਾ ਨੂੰ ਖ਼ਤਮ ਕਰਨ ਲਈ ਬਣਾਈ ਗਈ 10 ਸਾਲਾ ਰਣਨੀਤੀ ਨੂੰ ਵੀ ਅੱਗੇ ਵਧਾਉਣਗੇ।ਇਸ ਰਣਨੀਤੀ ਤਹਿਤ ਸਰਕਾਰ ਵੱਲੋਂ 188 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਹਿੰਸਾ ਦੀ ਰੋਕਥਾਮ ਲਈ ਯਤਨਾਂ ਦਾ ਵਿਸਥਾਰ ਕਰਨਾ ਅਤੇ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਤੇ ਸੇਵਾਵਾਂ ਦੀ ਪਹੁੰਚ ਵਧਾਉਣਾ ਹੈ।

ਇਸ ਵਿੱਚ 93 ਮਿਲੀਅਨ ਡਾਲਰ ਤੋਂ ਵੱਧ ਰਕਮ ਪਰਿਵਾਰਕ ਅਤੇ ਜਿਨਸੀ ਹਿੰਸਾ ਦੀ ਰੋਕਥਾਮ ਲਈ ਨਿਵੇਸ਼ ਕੀਤੀ ਜਾ ਰਹੀ ਹੈ। ਇਸ ਫੰਡ ਰਾਹੀਂ ਮਹਿਲਾ ਸ਼ੈਲਟਰਾਂ ਅਤੇ ਜਿਨਸੀ ਹਮਲਿਆਂ ਦੇ ਪੀੜਤਾਂ ਲਈ ਸਹਾਇਤਾ ਕੇਂਦਰਾਂ ਨੂੰ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਅਲਬਰਟਾ ਦਾ ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਵਿਭਾਗ ਇਸ ਵੇਲੇ 31 ਮਹਿਲਾ ਐਮਰਜੈਂਸੀ ਸ਼ੈਲਟਰਾਂ, 19 ਦੂਜੇ ਪੜਾਅ ਵਾਲੇ ਸ਼ੈਲਟਰਾਂ, ਦੋ ਵਿਕਲਪਕ ਸੇਵਾ ਮਾਡਲਾਂ ਅਤੇ ਫਰਸਟ ਨੇਸ਼ਨਜ਼ ਭਾਈਚਾਰਿਆਂ ਵਿੱਚ ਪੰਜ ਫੀਸ-ਆਧਾਰਿਤ ਸ਼ੈਲਟਰਾਂ ਸਮੇਤ ਅਲਬਰਟਾ ਕੌਂਸਲ ਆਫ ਵੁਮੈਨਜ਼ ਸ਼ੈਲਟਰਜ਼ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ।