ਅਲਬਰਟਾ ਚੋਣਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਨਕਲੀ ਵੈੱਬਸਾਈਟ ਬਾਰੇ Elections Alberta ਨੇ ਜਾਰੀ ਕੀਤੀ ਚੇਤਾਵਨੀ

ਅਲਬਰਟਾ ਚੋਣਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਨਕਲੀ ਵੈੱਬਸਾਈਟ ਬਾਰੇ Elections Alberta ਨੇ ਜਾਰੀ ਕੀਤੀ ਚੇਤਾਵਨੀ

ਐਡਮੰਟਨ-ਅਲਬਰਟਾ ਦੀ ਚੋਣ ਸੰਸਥਾ Elections Alberta ਨੇ ਇੱਕ ਨਕਲੀ (ਸਪੂਫ) ਵੈੱਬਸਾਈਟ ਬਾਰੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਕੁਝ ਸ਼ਰਾਰਤੀ ਤੱਤ ਸੰਸਥਾ ਦੇ ਨਾਮ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਚੋਣ ਪ੍ਰਣਾਲੀ ਉੱਤੇ ਲੋਕਾਂ ਦਾ ਭਰੋਸਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਸੰਸਥਾ ਅਨੁਸਾਰ ਨਕਲੀ ਵੈੱਬਸਾਈਟ ਦਾ ਪਤਾ electionsab.ca ਹੈ, ਜੋ ਕਿ ਅਸਲ ਵੈੱਬਸਾਈਟ elections.ab.ca ਨਾਲ ਕਾਫ਼ੀ ਮਿਲਦਾ-ਜੁਲਦਾ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਧੋਖਾ ਦਿੱਤਾ ਜਾ ਸਕੇ।

Elections Alberta ਨੇ ਦੱਸਿਆ ਕਿ ਇਸ ਨਕਲੀ ਵੈੱਬਸਾਈਟ 'ਤੇ ਵੋਟਰਾਂ ਦੀ ਕਥਿਤ ਸੂਚੀ ਦਰਸਾਈ ਗਈ ਹੈ, ਜਿਸ ਵਿੱਚ ਦਿੱਤੇ ਗਏ ਨਾਮ, ਪਤੇ, ਫ਼ੋਨ ਨੰਬਰ ਅਤੇ ਕਥਿਤ "Elector ID" ਨੰਬਰ ਪੂਰੀ ਤਰ੍ਹਾਂ ਜਾਅਲੀ ਹਨ। ਸੰਸਥਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਜਾਣਕਾਰੀ ਅਧਿਕਾਰਤ List of Electors ਤੋਂ ਨਹੀਂ ਲਈ ਗਈ ਅਤੇ ਇਸ ਦਾ ਚੋਣ ਕਮਿਸ਼ਨ ਦੇ ਰਿਕਾਰਡ ਨਾਲ ਕੋਈ ਸੰਬੰਧ ਨਹੀਂ ਹੈ।ਮੁੱਖ ਚੋਣ ਅਧਿਕਾਰੀ ਗੋਰਡਨ ਮੈਕਕਲੂਰ ਨੇ ਕਿਹਾ ਕਿ ਇਹ ਭਰਮ ਫੈਲਾਉਣ ਦੀ ਸੋਚੀ-ਸਮਝੀ ਕੋਸ਼ਿਸ਼ ਹੈ, ਜਿਸ ਦਾ ਮਕਸਦ Elections Alberta ਅਤੇ ਅਲਬਰਟਾ ਦੀ ਚੋਣ ਪ੍ਰਕਿਰਿਆ ਪ੍ਰਤੀ ਲੋਕਾਂ ਦਾ ਵਿਸ਼ਵਾਸ ਕਮਜ਼ੋਰ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗੁੰਮਰਾਹਕੁੰਨ ਗਤੀਵਿਧੀਆਂ ਮੌਜੂਦਾ ਚੋਣੀ ਕਾਨੂੰਨਾਂ ਦੇ ਡੀਪਫੇਕ ਸੰਬੰਧੀ ਪ੍ਰਾਵਧਾਨਾਂ ਦੇ ਦਾਇਰੇ ਵਿੱਚ ਨਹੀਂ ਆਉਂਦੀਆਂ। ਇਸ ਲਈ Elections Alberta ਕੋਲ ਇਸ ਵੈੱਬਸਾਈਟ ਦੀ ਸਿੱਧੀ ਜਾਂਚ ਕਰਨ ਜਾਂ ਕਾਰਵਾਈ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ ਹੈ।ਗੋਰਡਨ ਮੈਕਕਲੂਰ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸਾਈਬਰ ਸੁਰੱਖਿਆ ਸੰਸਥਾਵਾਂ ਨੂੰ ਦੇ ਦਿੱਤੀ ਗਈ ਹੈ। ਨਾਲ ਹੀ ਨਕਲੀ ਵੈੱਬਸਾਈਟ ਨੂੰ ਜਲਦ ਤੋਂ ਜਲਦ ਬੰਦ ਕਰਵਾਉਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ List of Electors ਦੀ ਗੈਰ-ਅਧਿਕਾਰਤ ਵਰਤੋਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ Alberta ਵਿੱਚ ਵੋਟਰਾਂ ਦੀ ਜਾਣਕਾਰੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ।