ਅਮਰੀਕੀ ਮੱਧਕਾਲੀ ਚੋਣਾਂ: ਮਹਿੰਗਾਈ ਅਤੇ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਵੋਟਰਾਂ ਦੇ ਮੁੱਖ ਮੁੱਦੇ
US voters said rising living costs, healthcare and medication expenses, and President Donald Trump's strict immigration policies were key factors influencing their choices in the 2026 midterm elections.
ਨਿਊਯਾਰਕ-ਅਮਰੀਕਾ ਵਿੱਚ ਕਾਂਗਰਸ ਦੇ ਕੰਟਰੋਲ ਦਾ ਫ਼ੈਸਲਾ ਕਰਨ ਵਾਲੀਆਂ ਮੱਧਕਾਲੀ ਚੋਣਾਂ ਦੌਰਾਨ ਵੋਟਰਾਂ ਨੇ ਆਪਣੀ ਵੋਟ ਪਾਉਣ ਦੇ ਵੱਖ-ਵੱਖ ਕਾਰਨ ਦੱਸੇ। ਰਾਇਟਰਜ਼ ਨਾਲ ਗੱਲਬਾਤ ਕਰਦਿਆਂ ਕਈ ਵੋਟਰਾਂ ਨੇ ਮਹਿੰਗਾਈ, ਸਿਹਤ ਸੇਵਾਵਾਂ ਦੀਆਂ ਵਧਦੀਆਂ ਕੀਮਤਾਂ, ਦਵਾਈਆਂ ਦੇ ਖਰਚੇ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਨੂੰ ਅਹਿਮ ਮੁੱਦੇ ਦੱਸਿਆ।
ਡੈਟਰਾਇਟ ਦੀ 34 ਸਾਲਾ ਬ੍ਰਿਟਾਨੀ ਹੈਮਲਿਨ ਨੇ ਮਿਸ਼ੀਗਨ ਦੀ ਸੈਨੇਟ ਚੋਣ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਅਬਦੁਲ ਅਲ-ਸਈਦ ਨੂੰ ਵੋਟ ਪਾਈ। ਉਹ ਆਪਣੀ ਦਾਦੀ ਦੀ ਦੇਖਭਾਲ ਕਰਦੀ ਹੈ। ਉਸ ਨੇ ਕਿਹਾ ਕਿ ਸਿਹਤ ਸੇਵਾਵਾਂ ਅਤੇ ਦਵਾਈਆਂ ਦੀਆਂ ਵਧਦੀਆਂ ਕੀਮਤਾਂ ਨੇ ਉਸ ਨੂੰ ਇਹ ਫ਼ੈਸਲਾ ਲੈਣ ਲਈ ਪ੍ਰੇਰਿਤ ਕੀਤਾ। ਉਸ ਮੁਤਾਬਕ ਅਲ-ਸਈਦ ਸਮਾਜਿਕ ਸੁਰੱਖਿਆ ਯੋਜਨਾ ਨੂੰ ਕਾਇਮ ਰੱਖਣ ਅਤੇ ਇਲਾਜ ਦੇ ਖਰਚੇ ਘਟਾਉਣ ਲਈ ਕੰਮ ਕਰਨਾ ਚਾਹੁੰਦੇ ਹਨ। ਉਸ ਨੇ ਰਿਪਬਲਿਕਨ ਉਮੀਦਵਾਰ ਮਾਈਕ ਰੋਜਰਜ਼ ਦੀਆਂ ਨੀਤੀਆਂ ’ਤੇ ਵੀ ਸਵਾਲ ਉਠਾਏ।
ਡੈਟਰਾਇਟ ਦੀ ਹੀ 34 ਸਾਲਾ ਨਤਾਲੀਆ ਟਾਊਨਜ਼ ਨੇ ਵੀ ਅਲ-ਸਈਦ ਨੂੰ ਵੋਟ ਪਾਈ। ਉਸ ਨੇ ਰੋਜਰਜ਼ ਵੱਲੋਂ ਚੋਣਾਂ ਤੋਂ ਠੀਕ ਪਹਿਲਾਂ ਇੱਕ ਕਾਲੇ ਭਾਈਚਾਰੇ ਦੇ ਚਰਚ ਵਿੱਚ ਜਾਣ ਨੂੰ ਸਿਆਸੀ ਦਿਖਾਵਾ ਕਰਾਰ ਦਿੱਤਾ। ਦੂਜੇ ਪਾਸੇ, 63 ਸਾਲਾ ਪਾਲ ਸਟਾਕੀਜ ਨੇ ਰੋਜਰਜ਼ ਦਾ ਸਮਰਥਨ ਕੀਤਾ। ਉਸ ਨੇ ਕਿਹਾ ਕਿ ਡੈਮੋਕ੍ਰੇਟਿਕ ਆਗੂ ਹੈਲੀ ਸਟੀਵਨਜ਼ ਵੱਲੋਂ ਰਿਪਬਲਿਕਨ ਉਮੀਦਵਾਰ ਦਾ ਸਮਰਥਨ ਕਰਨਾ ਇੱਕ ਅਸਾਧਾਰਨ ਘਟਨਾ ਹੈ। ਉਸ ਮੁਤਾਬਕ ਅਲ-ਸਈਦ ਦੀਆਂ ਯੋਜਨਾਵਾਂ ’ਤੇ ਹੋਣ ਵਾਲੇ ਖਰਚੇ ਦਾ ਬੋਝ ਆਖ਼ਰਕਾਰ ਆਮ ਲੋਕਾਂ ’ਤੇ ਪਵੇਗਾ।
ਸ਼ਿਕਾਗੋ ਦੇ 29 ਸਾਲਾ ਸਰਕਾਰੀ ਸਕੂਲ ਅਧਿਆਪਕ ਰਿਆਨ ਬ੍ਰਾਊਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਲਾਗੂ ਕਰਨ ਦੀ ਸਖ਼ਤ ਨੀਤੀ ਕਾਰਨ ਉਸ ਦੇ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਹੈ। ਉਸ ਨੇ ਦੱਸਿਆ ਕਿ ਉਸ ਦਾ ਇੱਕ ਵਿਦਿਆਰਥੀ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਮੈਕਸੀਕੋ ਭੇਜ ਦਿੱਤਾ ਗਿਆ। ਕਈ ਵਿਦਿਆਰਥੀ ਘਰ ਜਾਂ ਕੰਮ ’ਤੇ ਜਾਣ ਲਈ ਵੀ ਡਰਦੇ ਸਨ ਅਤੇ ਉਸ ਤੋਂ ਮਦਦ ਮੰਗਦੇ ਸਨ।
ਅਲਾਸਕਾ ਵਿੱਚ ਰਿਪਬਲਿਕਨ ਸੈਨੇਟਰ ਡੈਨ ਸੁਲੀਵਨ ਦੇ ਸਮਰਥਕਾਂ ਨੇ ਕਿਹਾ ਕਿ ਬੈਲਟ ਪੇਪਰ ’ਤੇ ਇੱਕੋ ਨਾਮ ਵਾਲੇ ਦੋ ਉਮੀਦਵਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਉਲਝਣ ਨਹੀਂ ਸੀ। ਮੌਜੂਦਾ ਸੈਨੇਟਰ ਸੁਲੀਵਨ ਨੂੰ ਸਾਬਕਾ ਡੈਮੋਕ੍ਰੇਟਿਕ ਸੰਸਦ ਮੈਂਬਰ ਮੈਰੀ ਪੈਲਟੋਲਾ ਚੁਣੌਤੀ ਦੇ ਰਹੀ ਹੈ। ਵੋਟਰ ਜੇਕ ਵੇਸਲੀ ਨੇ ਕਿਹਾ ਕਿ ਬੈਲਟ ਪੇਪਰ ’ਤੇ ਮੌਜੂਦਾ ਸੈਨੇਟਰ ਦੇ ਨਾਮ ਨਾਲ ‘ਇਨਕੰਬੈਂਟ’ ਲਿਖਿਆ ਹੋਣ ਕਾਰਨ ਪਛਾਣ ਸੌਖੀ ਸੀ। ਉਸ ਨੇ ਮੌਜੂਦਾ ਸੈਨੇਟਰ ਨੂੰ ਮੁੜ ਚੁਣਨ ਦੇ ਹੱਕ ਵਿੱਚ ਵੋਟ ਪਾਈ।
ਟੈਕਸਾਸ ਦੇ ਫੋਰਟ ਵਰਥ ਵਿੱਚ ਵੀ ਇਮੀਗ੍ਰੇਸ਼ਨ ਚੋਣਾਂ ਦਾ ਵੱਡਾ ਮੁੱਦਾ ਬਣੀ ਰਹੀ। 40 ਸਾਲਾ ਮਾਰੀਆ ਸਰਦਾ ਨੇ ਦੱਸਿਆ ਕਿ ਉਸ ਦੇ ਕਈ ਸਹਿਕਰਮੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ ਗਿਆ। ਉਸ ਨੇ ਕਰਿਆਨੇ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਵੀ ਚਿੰਤਾ ਦਾ ਵਿਸ਼ਾ ਦੱਸਿਆ। ਉੱਥੇ ਹੀ 54 ਸਾਲਾ ਰਸੋਈਏ ਵਿਕਟਰ ਗਾਰਸੀਆ ਨੇ ਕਿਹਾ ਕਿ ਉਸ ਲਈ ਇਮੀਗ੍ਰੇਸ਼ਨ ਨੀਤੀ ਨਾਲੋਂ ਵੀ ਵੱਧ ਮਹੱਤਵਪੂਰਨ ਇਹ ਹੈ ਕਿ ਇਸ ਨੂੰ ਕਿਸ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ।














