ਅਪਰਾਧ ਸੂਚਕਾਂਕ ਵਿੱਚ ਸੁਧਾਰ ਦੇ ਦਾਅਵਿਆਂ 'ਤੇ ਕੈਲੋਨਾ ਵਾਸੀਆਂ ਨੇ ਚੁੱਕੇ ਸਵਾਲ
ਕੈਲੋਨਾ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਲੋਨਾ ਸ਼ਹਿਰ ਵਿੱਚ ਅਪਰਾਧ ਦੇ ਅੰਕੜਿਆਂ ਵਿੱਚ ਸੁਧਾਰ ਦੇ ਸਰਕਾਰੀ ਦਾਅਵਿਆਂ 'ਤੇ ਸਥਾਨਕ ਵਸਨੀਕਾਂ ਅਤੇ ਕਾਰੋਬਾਰੀਆਂ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕ੍ਰਾਈਮ ਸੀਵਿਅਰਟੀ ਇੰਡੈਕਸ (Crime Severity Index) ਹਕੀਕਤ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦਾ।
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਸਾਲਾਨਾ ਅੰਕੜਿਆਂ ਅਨੁਸਾਰ, 2025 ਵਿੱਚ ਕੈਲੋਨਾ ਖੇਤਰ ਵਿੱਚ ਪੁਲਿਸ ਕੋਲ ਦਰਜ ਹੋਏ ਅਪਰਾਧਾਂ ਦੀ ਗੰਭੀਰਤਾ ਅਤੇ ਗਿਣਤੀ ਵਿੱਚ 4.5 ਫ਼ੀਸਦੀ ਕਮੀ ਆਈ ਹੈ। ਇਸ ਨਾਲ ਕੈਲੋਨਾ ਦਾ ਦਰਜਾ ਕੈਨੇਡਾ ਦੇ 41 ਵੱਡੇ ਮਹਾਨਗਰੀ ਖੇਤਰਾਂ ਵਿੱਚ ਪੰਜਵੇਂ ਤੋਂ ਨੌਵੇਂ ਸਥਾਨ 'ਤੇ ਆ ਗਿਆ ਹੈ।
ਹਾਲਾਂਕਿ, ਕਈ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਅੰਕੜੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ। ਇੱਕ ਵਸਨੀਕ ਨੇ ਕਿਹਾ ਕਿ ਇਲਾਕੇ ਵਿੱਚ ਅਪਰਾਧ ਪਹਿਲਾਂ ਨਾਲੋਂ ਘਟੇ ਨਹੀਂ, ਸਗੋਂ ਵਧੇ ਹਨ ਅਤੇ ਲੋਕ ਆਪਣੇ ਆਪ ਨੂੰ ਪਹਿਲਾਂ ਜਿੰਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ।ਕੁਝ ਹੋਰ ਵਸਨੀਕਾਂ ਦਾ ਕਹਿਣਾ ਹੈ ਕਿ ਲੋਕ ਹੁਣ ਹਰ ਘਟਨਾ ਦੀ ਪੁਲਿਸ ਕੋਲ ਸ਼ਿਕਾਇਤ ਹੀ ਨਹੀਂ ਕਰਦੇ, ਜਿਸ ਕਾਰਨ ਅੰਕੜਿਆਂ ਵਿੱਚ ਅਪਰਾਧ ਘੱਟ ਦਿਖਾਈ ਦਿੰਦੇ ਹਨ।
ਰਟਲੈਂਡ ਇਲਾਕੇ ਵਿੱਚ ਇੱਕ ਮਾਰਸ਼ਲ ਆਰਟਸ ਅਕੈਡਮੀ ਦੇ ਮਾਲਕ ਡੇਵਿਡ ਲੀਆ ਨੇ ਦੱਸਿਆ ਕਿ ਉਨ੍ਹਾਂ ਦੇ ਕਾਰੋਬਾਰ ਦੇ ਆਲੇ-ਦੁਆਲੇ ਅੱਗਜ਼ਨੀ, ਨਸ਼ਿਆਂ ਦੀ ਵਰਤੋਂ ਅਤੇ ਕਰਮਚਾਰੀਆਂ ਨੂੰ ਧਮਕੀਆਂ ਵਰਗੀਆਂ ਘਟਨਾਵਾਂ ਆਮ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਹਰ ਘਟਨਾ ਦੀ ਪੁਲਿਸ ਨੂੰ ਸੂਚਨਾ ਨਹੀਂ ਦਿੰਦੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਕੋਈ ਵੱਡਾ ਫ਼ਰਕ ਨਹੀਂ ਪੈਂਦਾ।
ਉਨ੍ਹਾਂ ਦਾ ਦਾਅਵਾ ਹੈ ਕਿ ਕਈ ਹੋਰ ਕਾਰੋਬਾਰੀ ਵੀ ਇਸੇ ਸੋਚ ਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਗੁਰੇਜ਼ ਕਰ ਰਹੇ ਹਨ।ਇਸ ਮਾਮਲੇ 'ਤੇ ਕੈਲੋਨਾ ਆਰ.ਸੀ.ਐੱਮ.ਪੀ. ਨੇ ਵੀ ਮੰਨਿਆ ਹੈ ਕਿ ਕ੍ਰਾਈਮ ਸੀਵਿਅਰਟੀ ਇੰਡੈਕਸ ਅਪਰਾਧ ਦੀ ਸਥਿਤੀ ਨੂੰ ਮਾਪਣ ਦਾ ਸਿਰਫ਼ ਇੱਕ ਪੈਮਾਨਾ ਹੈ ਅਤੇ ਇਹ ਪੂਰੀ ਤਸਵੀਰ ਨਹੀਂ ਦਿਖਾਉਂਦਾ। ਪੁਲਿਸ ਅਨੁਸਾਰ, ਇਹ ਸੂਚਕ ਸਿਰਫ਼ ਕ੍ਰਿਮਿਨਲ ਕੋਡ ਤਹਿਤ ਦਰਜ ਮਾਮਲਿਆਂ ਨੂੰ ਹੀ ਸ਼ਾਮਲ ਕਰਦਾ ਹੈ, ਜਦਕਿ ਜਨਤਕ ਅਸ਼ਾਂਤੀ ਜਾਂ ਹੋਰ ਸੇਵਾ ਕਾਲਾਂ ਇਸ ਵਿੱਚ ਨਹੀਂ ਗਿਣੀਆਂ ਜਾਂਦੀਆਂ।ਆਰ.ਸੀ.ਐੱਮ.ਪੀ. ਨੇ ਕਿਹਾ ਕਿ ਸ਼ਹਿਰ ਵਿੱਚ ਜਨਤਕ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਉਹ ਸਥਾਨਕ ਭਾਈਚਾਰੇ ਨਾਲ ਮਿਲ ਕੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ।
















