ਭਾਰਤੀ ਮਹਿਲਾ ਫੁੱਟਬਾਲ ਟੀਮ ਤਾਜ਼ਾ ਫ਼ੀਫ਼ਾ ਰੈਂਕਿੰਗ ਵਿੱਚ ਪੁੱਜੀ 63ਵੇਂ ਸਥਾਨ ’ਤੇ

ਭਾਰਤੀ ਮਹਿਲਾ ਫੁੱਟਬਾਲ ਟੀਮ ਤਾਜ਼ਾ ਫ਼ੀਫ਼ਾ ਰੈਂਕਿੰਗ ਵਿੱਚ ਪੁੱਜੀ 63ਵੇਂ ਸਥਾਨ ’ਤੇ
ਨਵੀਂ ਦਿੱਲੀ- ਭਾਰਤੀ ਮਹਿਲਾ ਫੁੱਟਬਾਲ ਟੀਮ ਤਾਜ਼ਾ ਫ਼ੀਫ਼ਾ ਰੈਂਕਿੰਗ ਵਿੱਚ ਸੱਤ ਸਥਾਨਾਂ ਦੀ ਛਾਲ ਮਾਰ ਕੇ 63ਵੇਂ ਸਥਾਨ ’ਤੇ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਇਸ ਜਿੱਤ ਦੇ ਨਾਲ ਟੀਮ ਨੇ ਏਐਫਸੀ ਮਹਿਲਾ ਏਸ਼ੀਅਨ ਕੱਪ ਵਿੱਚ ਜਗ੍ਹਾ ਬਣਾ ਕੇ ਇਤਿਹਾਸ ਵੀ ਰਚ ਦਿੱਤਾ।  ਭਾਰਤ ਨੇ ਕੁਆਲੀਫਾਇਰ ਦੇ ਆਖਰੀ ਮੈਚ ਵਿੱਚ ਉੱਚ ਦਰਜੇ ਦੇ ਥਾਈਲੈਂਡ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਕੁਆਲੀਫਿਕੇਸ਼ਨ ਰਾਹੀਂ ਮਹਾਂਦੀਪੀ ਟੂਰਨਾਮੈਂਟ ਵਿੱਚ ਜਗ੍ਹਾ ਬਣਾਈ ਸੀ। ਟੀਮ ਵਿੱਚ ਕੋਵਿਡ-19 ਦੇ ਫੈਲਣ ਕਾਰਨ ਟੀਮ ਨੂੰ ਘਰੇਲੂ ਮੈਦਾਨ ’ਤੇ ਹੋਏ ਏਸ਼ੀਅਨ ਕੱਪ ਦੇ ਪਿਛਲੇ ਸੀਜ਼ਨ ਤੋਂ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਿਆ ਸੀ। ਭਾਰਤ ਨੇ ਆਪਣੀ ਕੁਆਲੀਫਿਕੇਸ਼ਨ ਮੁਹਿੰਮ ਦੀ ਸ਼ੁਰੂਆਤ ਮੰਗੋਲੀਆ ਨੂੰ 13-0 ਨਾਲ ਹਰਾ ਕੇ ਕੀਤੀ ਅਤੇ ਫਿਰ ਤਿਮੋਰ-ਲੇਸਟੇ (4-0) ਅਤੇ ਇਰਾਕ (5-0) ’ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਬਾਅਦ, ਮਿਡਫੀਲਡਰ ਸੰਗੀਤਾ ਬਾਸਫੋਰ ਨੇ ਦੋ ਗੋਲ ਕਰਕੇ ਭਾਰਤ ਨੂੰ ਲਗਭਗ ਨਾਕਆਊਟ ਵਰਗੇ ਮੈਚ ਵਿੱਚ ਥਾਈਲੈਂਡ ’ਤੇ 2-1 ਨਾਲ ਯਾਦਗਾਰੀ ਜਿੱਤ ਦਿਵਾਈ।