WSO ਨੇ ਭਾਰਤ ਨਾਲ ਜੁੜੇ ਹਿੰਸਕ ਅਪਰਾਧਾਂ ਬਾਰੇ ਸਰਕਾਰੀ ਦਾਅਵੇ ਨੂੰ ਰੱਦ ਕੀਤਾ

WSO ਨੇ ਭਾਰਤ ਨਾਲ ਜੁੜੇ ਹਿੰਸਕ ਅਪਰਾਧਾਂ ਬਾਰੇ ਸਰਕਾਰੀ ਦਾਅਵੇ ਨੂੰ ਰੱਦ ਕੀਤਾ

ਓਟਾਵਾ-ਵਿਸ਼ਵ ਸਿੱਖ ਸੰਸਥਾ (WSO) ਨੇ ਇੱਕ ਸੀਨੀਅਰ ਸੰਘੀ ਸਰਕਾਰੀ ਅਧਿਕਾਰੀ ਵੱਲੋਂ ਕੀਤੇ ਗਏ ਇਸ ਦਾਅਵੇ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਕਿ ਭਾਰਤ ਹੁਣ ਕੈਨੇਡਾ ਵਿੱਚ ਹਿੰਸਕ ਅਪਰਾਧਾਂ ਜਾਂ ਅੰਤਰਰਾਸ਼ਟਰੀ ਦਮਨ ਨਾਲ ਜੁੜਿਆ ਨਹੀਂ ਹੈ।

ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਯਾਤਰਾ ਤੋਂ ਪਹਿਲਾਂ ਇੱਕ ਬ੍ਰੀਫਿੰਗ ਦੌਰਾਨ ਗੁਪਤ ਤੌਰ ’ਤੇ ਦਿੱਤਾ ਗਿਆ ਦੱਸਿਆ ਜਾਂਦਾ ਹੈ। WSO ਦੇ ਮੁਤਾਬਕ ਇਹ ਦਾਅਵਾ ਕੈਨੇਡਾ ਭਰ ਵਿੱਚ ਸਿੱਖ ਭਾਈਚਾਰੇ ਵੱਲੋਂ ਅਨੁਭਵ ਕੀਤੀ ਜਾ ਰਹੀ ਹਕੀਕਤ ਨਾਲ ਮੇਲ ਨਹੀਂ ਖਾਂਦਾ।

ਪਿਛਲੇ ਐਤਵਾਰ ਨੂੰ ਇੱਕ ਪ੍ਰਮੁੱਖ ਸਿੱਖ ਕਾਰਕੁਨ ਨੂੰ ਵੈਨਕੂਵਰ ਪੁਲਿਸ ਵੱਲੋਂ ਉਸਦੀ ਜਾਨ ਲਈ ਭਰੋਸੇਯੋਗ ਖ਼ਤਰੇ ਸਬੰਧੀ ਮੁੜ “ਡਿਊਟੀ ਟੂ ਵਾਰਨ” ਨੋਟਿਸ ਜਾਰੀ ਕੀਤਾ ਗਿਆ। ਪਹਿਲੀ ਵਾਰ ਇਹ ਚੇਤਾਵਨੀ ਉਸਦੀ ਪਤਨੀ ਅਤੇ ਬੱਚਿਆਂ ਤੱਕ ਵੀ ਸਪੱਸ਼ਟ ਤੌਰ ’ਤੇ ਵਧਾਈ ਗਈ। 2022 ਤੋਂ ਬਾਅਦ ਇਹ ਉਸਨੂੰ ਮਿਲੀ ਚੌਥੀ ਅਜਿਹੀ ਚੇਤਾਵਨੀ ਹੈ।

WSO ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਭਾਰਤ ਸਰਕਾਰ ਨਾਲ ਸੰਬੰਧਿਤ ਏਜੰਟਾਂ ਵੱਲੋਂ ਨਿਗਰਾਨੀ, ਪ੍ਰੇਸ਼ਾਨੀ ਅਤੇ ਧਮਕਾਉਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇੱਕ ਦਰਜਨ ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਇਸ ਸਮੇਂ ਭਰੋਸੇਯੋਗ ਖ਼ਤਰਿਆਂ ਜਾਂ “ਡਿਊਟੀ ਟੂ ਵਾਰਨ” ਨੋਟਿਸਾਂ ਦੇ ਸਾਏ ਹੇਠ ਜੀ ਰਹੇ ਹਨ। ਇਹ ਕੋਈ ਪੁਰਾਣੀਆਂ ਚਿੰਤਾਵਾਂ ਨਹੀਂ, ਸਗੋਂ ਚੱਲ ਰਹੇ ਖ਼ਤਰੇ ਹਨ।

ਅਕਤੂਬਰ 2024 ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਨੇ ਕਿਹਾ ਸੀ ਕਿ ਭਾਰਤ ਸਰਕਾਰ ਕੈਨੇਡਾ ਵਿੱਚ ਹਿੰਸਕ ਅਪਰਾਧਾਂ ਨਾਲ ਜੁੜੀ ਹੋਈ ਹੈ, ਜਿਸ ਵਿੱਚ ਸਿੱਖ ਕਾਰਕੁਨਾਂ ਖ਼ਿਲਾਫ਼ ਕਤਲ, ਧਮਕੀਆਂ ਅਤੇ ਅਪਰਾਧਿਕ ਜਾਲਾਂ ਨਾਲ ਸੰਬੰਧ ਸ਼ਾਮਲ ਹਨ। ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਤੋਂ ਨਿਕਾਲ ਦਿੱਤਾ ਸੀ।

WSO ਨੇ ਕਾਰਨੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਜਵਾਬਦੇਹ ਬਣਾਉਣ ਜਾਂ ਸਿੱਖ ਕੈਨੇਡੀਅਨਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਦਮਨ ਤੋਂ ਬਚਾਉਣ ਲਈ ਕੋਈ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਕਦਮ ਨਹੀਂ ਚੁੱਕੇ ਗਏ। ਸੰਸਥਾ ਨੇ ਜ਼ੋਰ ਦੇ ਕੇ ਕਿਹਾ ਕਿ ਸਮੱਸਿਆ ਨੂੰ ਹੱਲ ਹੋਇਆ ਘੋਸ਼ਿਤ ਕਰ ਦੇਣ ਨਾਲ ਹਕੀਕਤ ਨਹੀਂ ਬਦਲਦੀ।