2 ਅਰਬ ਡਾਲਰ ਦੇ ਸੌਦੇ ਤਹਿਤ ਕੈਨੇਡਾ ਖਰੀਦੇਗਾ 190 ਨਵੇਂ ਬਖ਼ਤਰਬੰਦ ਫੌਜੀ ਵਾਹਨ
ਲੰਡਨ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਅਗਲੇ ਚਾਰ ਸਾਲਾਂ ਦੌਰਾਨ 2 ਅਰਬ ਕੈਨੇਡੀਅਨ ਡਾਲਰ ਦੀ ਲਾਗਤ ਨਾਲ 190 ਨਵੇਂ ਬਖ਼ਤਰਬੰਦ ਲੜਾਕੂ ਸਹਾਇਕ ਵਾਹਨ (Armoured Combat Support Vehicles) ਖਰੀਦੇਗੀ। ਇਸ ਨਾਲ ਕੈਨੇਡੀਅਨ ਸਸ਼ਸਤ੍ਰ ਬਲਾਂ ਦੀ ਸੰਚਾਲਨ ਸਮਰੱਥਾ ਵਿੱਚ ਵਾਧਾ ਹੋਣ ਦੇ ਨਾਲ-ਨਾਲ ਦੇਸ਼ ਦੇ ਰੱਖਿਆ ਨਿਰਮਾਣ ਉਦਯੋਗ ਨੂੰ ਵੀ ਮਜ਼ਬੂਤੀ ਮਿਲੇਗੀ।
ਓਨਟਾਰੀਓ ਦੇ ਲੰਡਨ ਸ਼ਹਿਰ ਵਿੱਚ ਸਥਿਤ ਜਨਰਲ ਡਾਇਨਾਮਿਕਸ ਲੈਂਡ ਸਿਸਟਮਜ਼–ਕੈਨੇਡਾ ਦੇ ਪਲਾਂਟ ਵਿੱਚ ਕੀਤੇ ਐਲਾਨ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਦੱਸਿਆ ਕਿ ਇਸ ਖਰੀਦ ਨਾਲ ਕੈਨੇਡੀਅਨ ਫੌਜ ਕੋਲ ਮੌਜੂਦ ਬਖ਼ਤਰਬੰਦ ਲੜਾਕੂ ਸਹਾਇਕ ਵਾਹਨਾਂ ਦੀ ਗਿਣਤੀ 360 ਤੋਂ ਵੱਧ ਕੇ 550 ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਰੇ 190 ਵਾਹਨ ਓਨਟਾਰੀਓ ਵਿੱਚ ਹੀ ਤਿਆਰ ਕੀਤੇ ਜਾਣਗੇ, ਜਦਕਿ ਇਨ੍ਹਾਂ ਲਈ ਲੋੜੀਂਦੇ ਪੁਰਜ਼ੇ ਅਤੇ ਉਪਕਰਨ ਦੇਸ਼ ਭਰ ਦੀਆਂ ਕੈਨੇਡੀਅਨ ਕੰਪਨੀਆਂ ਤੋਂ ਪ੍ਰਾਪਤ ਕੀਤੇ ਜਾਣਗੇ। ਇਸ ਨਾਲ ਹਜ਼ਾਰਾਂ ਰੁਜ਼ਗਾਰ ਦੇ ਮੌਕੇ ਬਣਨ ਦੇ ਨਾਲ-ਨਾਲ ਘਰੇਲੂ ਉਦਯੋਗ ਨੂੰ ਵੀ ਉਤਸ਼ਾਹ ਮਿਲੇਗਾ।
ਮਾਰਕ ਕਾਰਨੀ ਨੇ ਕਿਹਾ ਕਿ ਇਹ ਯੋਜਨਾ ਸਰਕਾਰ ਦੀ ਰੱਖਿਆ ਉਦਯੋਗ ਨੀਤੀ ਦਾ ਮਹੱਤਵਪੂਰਨ ਹਿੱਸਾ ਹੈ, ਜਿਸ ਦਾ ਮਕਸਦ ਕੈਨੇਡਾ ਦੀ ਸੁਰੱਖਿਆ ਸਮਰੱਥਾ ਨੂੰ ਆਧੁਨਿਕ ਬਣਾਉਣ ਦੇ ਨਾਲ-ਨਾਲ ਦੇਸ਼ ਵਿੱਚ ਰੱਖਿਆ ਉਤਪਾਦਨ ਨੂੰ ਮਜ਼ਬੂਤ ਕਰਨਾ ਹੈ।ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨਵੇਂ ਤਿਆਰ ਹੋਣ ਵਾਲੇ 190 ਵਾਹਨਾਂ ਵਿੱਚੋਂ 35 ਵਾਹਨ ਯੂਕਰੇਨ ਨੂੰ ਦਿੱਤੇ ਜਾਣਗੇ, ਤਾਂ ਜੋ ਉਹ ਰੂਸ ਨਾਲ ਜਾਰੀ ਸੰਘਰਸ਼ ਦੌਰਾਨ ਆਪਣੀ ਰੱਖਿਆ ਸਮਰੱਥਾ ਨੂੰ ਹੋਰ ਮਜ਼ਬੂਤ ਕਰ ਸਕੇ।ਰੱਖਿਆ ਮਾਹਿਰਾਂ ਮੁਤਾਬਕ, ਇਹ ਸੌਦਾ ਕੈਨੇਡੀਅਨ ਫੌਜ ਦੇ ਆਧੁਨਿਕੀਕਰਨ ਵੱਲ ਇੱਕ ਅਹਿਮ ਕਦਮ ਹੈ ਅਤੇ ਇਸ ਨਾਲ ਦੇਸ਼ ਦੇ ਰੱਖਿਆ ਨਿਰਮਾਣ ਖੇਤਰ ਨੂੰ ਵੀ ਨਵਾਂ ਉਤਸ਼ਾਹ ਮਿਲੇਗਾ।
















