ਹਿਮਾਚਲ ਸਰਕਾਰ ਨੇ ਅੰਬ, ਨਿੰਬੂ ਜਾਤੀ ਦੇ ਫਲਾਂ ਅਤੇ ਸੀ-ਗ੍ਰੇਡ ਸੇਬਾਂ ਲਈ ਘੱਟੋ-ਘੱਟ ਸਮਰਥਨ ਮੁੱਲ ਕੀਤਾ ਤੈਅ

ਹਿਮਾਚਲ ਸਰਕਾਰ ਨੇ ਅੰਬ, ਨਿੰਬੂ ਜਾਤੀ ਦੇ ਫਲਾਂ ਅਤੇ ਸੀ-ਗ੍ਰੇਡ ਸੇਬਾਂ ਲਈ ਘੱਟੋ-ਘੱਟ ਸਮਰਥਨ ਮੁੱਲ ਕੀਤਾ ਤੈਅ

ਸ਼ਿਮਲਾ-ਹਿਮਾਚਲ ਪ੍ਰਦੇਸ਼ ਸਰਕਾਰ ਨੇ 2026 ਸੀਜ਼ਨ ਲਈ ਮਾਰਕੀਟ ਇੰਟਰਵੈਂਸ਼ਨ ਸਕੀਮ (MIS) ਤਹਿਤ ਪ੍ਰੋਸੈਸਿੰਗ ਗ੍ਰੇਡ ਅੰਬ, ਨਿੰਬੂ ਜਾਤੀ ਦੇ ਫਲਾਂ ਅਤੇ ਸੀ-ਗ੍ਰੇਡ ਸੇਬਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦਾ ਉਦੇਸ਼ ਬਾਗਬਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਨਿਸ਼ਚਿਤ ਭਾਅ ਅਤੇ ਮੰਡੀ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ।

ਬਾਗਬਾਨੀ ਵਿਭਾਗ ਦੇ ਬੁਲਾਰੇ ਅਨੁਸਾਰ, ਅੰਬਾਂ ਦੀ ਖਰੀਦ 31 ਅਗਸਤ 2026 ਤੱਕ 12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੀਤੀ ਜਾਵੇਗੀ। ਇਸ ਲਈ ਸੂਬੇ ਭਰ ਵਿੱਚ 42 ਫਲ ਇਕੱਤਰ ਕੇਂਦਰ ਬਣਾਏ ਜਾਣਗੇ। ਕਿਸਾਨ ਆਪਣੀ ਉਪਜ ਕਿਸੇ ਵੀ ਪੈਕਿੰਗ ਵਿੱਚ ਲਿਆ ਸਕਣਗੇ ਅਤੇ ਖਾਲੀ ਪੈਕਿੰਗ ਉਨ੍ਹਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ।

ਇਸੇ ਤਰ੍ਹਾਂ ਕਿੰਨੂ, ਮਾਲਟਾ ਅਤੇ ਸੰਤਰਾ ਵੀ 12 ਰੁਪਏ ਪ੍ਰਤੀ ਕਿਲੋ, ਜਦਕਿ ਗਲਗਲ 10 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ 21 ਨਵੰਬਰ 2026 ਤੋਂ 15 ਫਰਵਰੀ 2027 ਤੱਕ ਖਰੀਦੇ ਜਾਣਗੇ।ਸਰਕਾਰ ਨੇ 1.50 ਲੱਖ ਮੀਟ੍ਰਿਕ ਟਨ ਸੀ-ਗ੍ਰੇਡ ਸੇਬਾਂ ਦੀ ਖਰੀਦ ਦਾ ਵੀ ਫੈਸਲਾ ਕੀਤਾ ਹੈ। ਇਹ ਖਰੀਦ 1 ਅਗਸਤ ਤੋਂ 31 ਅਕਤੂਬਰ 2026 ਤੱਕ 12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੀਤੀ ਜਾਵੇਗੀ। ਇਸ ਦੌਰਾਨ ਕਿਸਾਨਾਂ ਨੂੰ ਖਰੀਦ ਅਤੇ ਸਟੋਰੇਜ ਦੌਰਾਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ 2.5 ਫੀਸਦੀ ਵਾਧੂ ਫਲ ਵੀ ਦੇਣੇ ਪੈਣਗੇ।

ਸਰਕਾਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਅੰਬ ਅਤੇ ਹੋਰ ਫਲਾਂ ਦੀ ਖਰੀਦ ਹਿਮਾਚਲ ਪ੍ਰਦੇਸ਼ ਹਾਰਟੀਕਲਚਰਲ ਪ੍ਰੋਡਿਊਸ ਮਾਰਕੀਟਿੰਗ ਐਂਡ ਪ੍ਰੋਸੈਸਿੰਗ ਕਾਰਪੋਰੇਸ਼ਨ (HPMC) ਰਾਹੀਂ ਕੀਤੀ ਜਾਵੇਗੀ, ਜਦਕਿ ਲੋੜ ਪੈਣ 'ਤੇ ਹਿਮਫੈਡ (HIMFED) ਨੂੰ ਵੀ ਸੇਬਾਂ ਦੀ ਖਰੀਦ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਸੂਬੇ ਦੇ ਹਜ਼ਾਰਾਂ ਫਲ ਉਤਪਾਦਕਾਂ ਨੂੰ ਆਪਣੀ ਉਪਜ ਦਾ ਉਚਿਤ ਮੁੱਲ ਮਿਲੇਗਾ ਅਤੇ ਮੰਡੀਕਰਨ ਦੀਆਂ ਸਮੱਸਿਆਵਾਂ ਘਟਣਗੀਆਂ।