ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ, ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੈ ਕੇ ਸਿਆਸੀ ਚਰਚਾ ਤੇਜ਼

ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ, ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੈ ਕੇ ਸਿਆਸੀ ਚਰਚਾ ਤੇਜ਼

ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਇਹ ਮੁਲਾਕਾਤ ਕਰੀਬ 10 ਮਿੰਟ ਚੱਲੀ ਅਤੇ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਤੇ ਭਾਜਪਾ ਦੇ ਸੰਭਾਵਿਤ ਸਿਆਸੀ ਸਮੀਕਰਨਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

ਸੁਖਬੀਰ ਬਾਦਲ ਦੇ ਦਫ਼ਤਰ ਵੱਲੋਂ ਮੁਲਾਕਾਤ ਦੇ ਏਜੰਡੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ, ਅਕਾਲੀ ਦਲ ਨਾਲ ਜੁੜੇ ਸੂਤਰਾਂ ਮੁਤਾਬਕ ਗੱਲਬਾਤ ਦੌਰਾਨ ਪੰਜਾਬ ਦੀ ਕਾਨੂੰਨ-ਵਿਵਸਥਾ ਅਤੇ ਸੂਬੇ ਦੀ ‘ਆਪ’ ਸਰਕਾਰ ਦੀਆਂ ਭਲਾਈ ਸਕੀਮਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਸਮੇਤ ਪੰਜਾਬ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਹੋਈ।

ਸੂਤਰਾਂ ਅਨੁਸਾਰ ਮੁਲਾਕਾਤ ਦੁਪਹਿਰ ਕਰੀਬ 12 ਵਜੇ ਹੋਈ ਅਤੇ ਮਾਹੌਲ ਸੁਖਾਵਾਂ ਰਿਹਾ। ਹਾਲਾਂਕਿ ਇਸ ਮੁਲਾਕਾਤ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਦੋਵੇਂ ਜਨਤਕ ਤੌਰ ’ਤੇ ਵੱਖ-ਵੱਖ ਚੋਣ ਲੜਨ ਦੀ ਗੱਲ ਕਹਿ ਚੁੱਕੇ ਹਨ।

ਅਕਾਲੀ ਦਲ ਅਤੇ ਭਾਜਪਾ ਲੰਬੇ ਸਮੇਂ ਤੱਕ ਪੰਜਾਬ ਵਿੱਚ ਸਿਆਸੀ ਭਾਈਵਾਲ ਰਹੇ ਹਨ, ਪਰ ਸਤੰਬਰ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਦੋਵਾਂ ਪਾਰਟੀਆਂ ਦਾ ਗਠਜੋੜ ਟੁੱਟ ਗਿਆ ਸੀ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਵੱਖਰੇ ਤੌਰ ’ਤੇ ਸਿਆਸੀ ਗਤੀਵਿਧੀਆਂ ਜਾਰੀ ਰੱਖੀਆਂ ਹਨ।ਸੁਖਬੀਰ ਬਾਦਲ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਤਾਜ਼ਾ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇਹ ਚਰਚਾ ਮੁੜ ਤੇਜ਼ ਹੋ ਗਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਦੇ ਰਿਸ਼ਤਿਆਂ ਵਿੱਚ ਕੋਈ ਨਵਾਂ ਮੋੜ ਆ ਸਕਦਾ ਹੈ। ਹਾਲਾਂਕਿ, ਮੁਲਾਕਾਤ ਦੌਰਾਨ ਕਿਸੇ ਸੰਭਾਵਿਤ ਗਠਜੋੜ ਜਾਂ ਚੋਣ ਸਮਝੌਤੇ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ।ਇਸ ਮੁਲਾਕਾਤ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਵੀ ਦੋਵਾਂ ਪਾਰਟੀਆਂ ’ਤੇ ਤੰਜ ਕੱਸੇ ਹਨ।