ਵਿਨੀਪੈਗ ਵਿੱਚ ਨਗਰ ਕੀਰਤਨ ਤੋਂ ਪਹਿਲਾਂ ਸਿੱਖ ਭਾਈਚਾਰੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਨਫ਼ਰਤ ਭਰੇ ਸੁਨੇਹੇ
Ahead of a Nagar Kirtan in Winnipeg, Canada, the Sikh community was targeted with death threats and hateful messages. Several signs placed along the Nagar Kirtan route in downtown Winnipeg were vandalized with hateful graffiti. A viral image showed a transit sign carrying a death threat targeting Indians along with a Nazi symbol.
ਵਿਨੀਪੈਗ-ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਨਗਰ ਕੀਰਤਨ ਤੋਂ ਪਹਿਲਾਂ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਨਫ਼ਰਤ ਭਰੇ ਸੁਨੇਹੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਨਿਰਾਸ਼ਾ ਅਤੇ ਚਿੰਤਾ ਦਾ ਮਾਹੌਲ ਹੈ।ਜਾਣਕਾਰੀ ਅਨੁਸਾਰ, ਐਤਵਾਰ ਨੂੰ ਹੋਣ ਵਾਲੇ ਨਗਰ ਕੀਰਤਨ ਦੇ ਰੂਟ 'ਤੇ ਡਾਊਨਟਾਊਨ ਵਿਨੀਪੈਗ ਵਿੱਚ ਲੱਗੇ ਕਈ ਸਾਈਨ ਬੋਰਡਾਂ 'ਤੇ ਸਪਰੇਅ ਪੇਂਟ ਨਾਲ ਨਫ਼ਰਤ ਭਰੇ ਸੁਨੇਹੇ ਲਿਖੇ ਗਏ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਤਸਵੀਰ ਵਿੱਚ ਨਗਰ ਕੀਰਤਨ ਕਾਰਨ ਸੜਕਾਂ ਬੰਦ ਹੋਣ ਸਬੰਧੀ ਲਗਾਏ ਗਏ ਟਰਾਂਜ਼ਿਟ ਸਾਈਨ 'ਤੇ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦੀ ਜਾਨੋਂ ਮਾਰਨ ਦੀ ਧਮਕੀ ਅਤੇ ਇੱਕ ਨਾਜ਼ੀ ਨਿਸ਼ਾਨ ਬਣਿਆ ਹੋਇਆ ਦਿਖਾਈ ਦਿੱਤਾ।ਵਿਨੀਪੈਗ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਨਗਰ ਕੀਰਤਨ ਦੇ ਰੂਟ 'ਤੇ ਲੱਗੇ ਕਈ ਸਾਈਨ ਬੋਰਡਾਂ ਨੂੰ ਨਫ਼ਰਤ ਭਰੇ ਸੁਨੇਹਿਆਂ ਨਾਲ ਨੁਕਸਾਨ ਪਹੁੰਚਾਇਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਵਜੋਂ ਜਾਂਚ ਕੀਤੀ ਜਾ ਰਹੀ ਹੈ।
ਨਗਰ ਕੀਰਤਨ ਸਿੱਖ ਧਰਮ ਦਾ ਇੱਕ ਸਾਲਾਨਾ ਧਾਰਮਿਕ ਸਮਾਗਮ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸੰਗਤ ਵੱਲੋਂ ਕੀਰਤਨ ਅਤੇ ਧਾਰਮਿਕ ਸ਼ਬਦਾਂ ਨਾਲ ਜਲੂਸ ਕੱਢਿਆ ਜਾਂਦਾ ਹੈ।ਸਮਾਗਮ ਵਿੱਚ ਸ਼ਾਮਲ ਇੱਕ ਵਿਅਕਤੀ ਜਗਮੀਤ ਬਰਾੜ ਨੇ ਨਫ਼ਰਤ ਭਰੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜਕੱਲ੍ਹ ਨਸਲਵਾਦ ਦੀ ਹੱਦ ਕਾਫ਼ੀ ਵੱਧ ਗਈ ਹੈ ਅਤੇ ਇਹ ਸਮਝਣਾ ਮੁਸ਼ਕਲ ਹੈ ਕਿ ਲੋਕ ਇੱਕ-ਦੂਜੇ ਪ੍ਰਤੀ ਇੰਨੀ ਨਫ਼ਰਤ ਕਿਉਂ ਰੱਖਦੇ ਹਨ।
ਮੈਨੀਟੋਬਾ ਦੀ ਸਿੱਖ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਸਿੱਖ ਭਾਈਚਾਰਾ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਮਾਗਮ ਦਾ ਆਨੰਦ ਮਾਣਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਾਈਚਾਰਾ ਸਾਰਿਆਂ ਦੀ ਭਲਾਈ ਲਈ ਅਰਦਾਸ ਕਰੇਗਾ।ਮੈਨੀਟੋਬਾ ਦੇ ਪ੍ਰੀਮੀਅਰ ਵਾਬ ਕਿਨਿਊ ਨੇ ਵੀ ਇਸ ਨਫ਼ਰਤ ਭਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ, ਪੰਜਾਬੀ ਲੋਕਾਂ ਜਾਂ ਕਿਸੇ ਵੀ ਭਾਈਚਾਰੇ ਖ਼ਿਲਾਫ਼ ਨਸਲਵਾਦ ਅਤੇ ਨਫ਼ਰਤ ਲਈ ਇਸ ਸੂਬੇ ਵਿੱਚ ਕੋਈ ਥਾਂ ਨਹੀਂ ਹੈ।ਪੁਲਿਸ ਅਧਿਕਾਰੀ ਕਾਂਸਟੇਬਲ ਕਲੌਡ ਚੈਂਸੀ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
















