ਵਰਲਡ ਕੱਪ ਮੈਚਾਂ ਕਾਰਨ ਟੋਰਾਂਟੋ ਤੇ ਵੈਨਕੂਵਰ ਵਿੱਚ ਡਾਕ ਸੇਵਾ ਹੋ ਸਕਦੀ ਹੈ ਪ੍ਰਭਾਵਿਤ

ਵਰਲਡ ਕੱਪ ਮੈਚਾਂ ਕਾਰਨ ਟੋਰਾਂਟੋ ਤੇ ਵੈਨਕੂਵਰ ਵਿੱਚ ਡਾਕ ਸੇਵਾ ਹੋ ਸਕਦੀ ਹੈ ਪ੍ਰਭਾਵਿਤ

ਓਟਵਾ-ਫੀਫਾ ਵਰਲਡ ਕੱਪ 2026 ਦੇ ਮੈਚਾਂ ਅਤੇ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਪੋਸਟ ਨੇ ਟੋਰਾਂਟੋ ਅਤੇ ਵੈਨਕੂਵਰ ਦੇ ਵਸਨੀਕਾਂ ਲਈ ਅਹਿਮ ਚੇਤਾਵਨੀ ਜਾਰੀ ਕੀਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਮੈਚਾਂ ਦੌਰਾਨ ਵਧੇਰੇ ਭੀੜ, ਟ੍ਰੈਫਿਕ ਪਾਬੰਦੀਆਂ ਅਤੇ ਸੁਰੱਖਿਆ ਪ੍ਰਬੰਧਾਂ ਕਾਰਨ ਕੁਝ ਇਲਾਕਿਆਂ ਵਿੱਚ ਡਾਕ ਸੇਵਾ ਪ੍ਰਭਾਵਿਤ ਰਹਿ ਸਕਦੀ ਹੈ।

ਕੈਨੇਡਾ ਪੋਸਟ ਮੁਤਾਬਕ 11 ਜੂਨ ਤੋਂ 19 ਜੁਲਾਈ ਤੱਕ ਟੋਰਾਂਟੋ ਵਿੱਚ ਹੋਣ ਵਾਲੇ ਫੀਫਾ ਫੈਨ ਫੈਸਟੀਵਲ ਅਤੇ ਛੇ ਵਰਲਡ ਕੱਪ ਮੈਚਾਂ ਦੌਰਾਨ ਕਈ ਸੜਕਾਂ ਬੰਦ ਰਹਿਣਗੀਆਂ, ਜਿਸ ਕਾਰਨ ਡਾਕ ਦੀ ਡਿਲੀਵਰੀ ਵਿੱਚ ਦੇਰੀ ਆ ਸਕਦੀ ਹੈ। ਖਾਸ ਤੌਰ ’ਤੇ ਫੋਰਟ ਯੌਰਕ, ਬੈਂਟਵੇਅ ਅਤੇ ਐਗਜ਼ੀਬਿਸ਼ਨ ਪਲੇਸ ਨਾਲ ਲੱਗਦੇ ਇਲਾਕਿਆਂ ਵਿੱਚ ਵੱਧ ਪ੍ਰਭਾਵ ਪੈਣ ਦੀ ਸੰਭਾਵਨਾ ਹੈ।ਸੰਸਥਾ ਨੇ ਕਿਹਾ ਹੈ ਕਿ ਜੇ ਕਿਸੇ ਦਿਨ ਡਾਕ ਵੰਡਣਾ ਸੰਭਵ ਨਾ ਹੋਇਆ ਤਾਂ ਡਾਕ ਨੂੰ ਸੁਰੱਖਿਅਤ ਤਰੀਕੇ ਨਾਲ ਡਿਪੋ ਵਿੱਚ ਰੱਖਿਆ ਜਾਵੇਗਾ ਅਤੇ ਅਗਲੇ ਕਾਰੋਬਾਰੀ ਦਿਨ ਪਹਿਲ ਦੇ ਆਧਾਰ ’ਤੇ ਪਹੁੰਚਾਇਆ ਜਾਵੇਗਾ।

ਟੋਰਾਂਟੋ ਦੇ M6K, M6J ਅਤੇ M5V ਪੋਸਟਲ ਕੋਡ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਸਭ ਤੋਂ ਵੱਧ ਦਿੱਕਤ ਆ ਸਕਦੀ ਹੈ। ਕੁਝ ਡਾਕਘਰਾਂ ਵਿੱਚ ਵੀ ਮੈਚਾਂ ਵਾਲੇ ਦਿਨਾਂ ਦੌਰਾਨ ਡਾਕ ਦੀ ਛਾਂਟ ਅਤੇ ਡਿਲੀਵਰੀ ਦੀ ਰਫ਼ਤਾਰ ਹੌਲੀ ਰਹਿ ਸਕਦੀ ਹੈ।ਕੈਨੇਡਾ ਪੋਸਟ ਨੇ ਇਹ ਵੀ ਦੱਸਿਆ ਕਿ ਕੁਝ ਸੜਕ ਕਿਨਾਰੇ ਲੱਗੇ ਲੈਟਰ ਬਾਕਸ 22 ਜੁਲਾਈ ਤੱਕ ਅਸਥਾਈ ਤੌਰ ’ਤੇ ਹਟਾਏ ਜਾਣਗੇ। ਲੋਕਾਂ ਨੂੰ ਡਾਕ ਭੇਜਣ ਲਈ 1093 ਕੁਈਨ ਸਟਰੀਟ ਵੈਸਟ ਸਥਿਤ ਪੋਸਟ ਆਫਿਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।ਸੰਸਥਾ ਨੇ ਭਰੋਸਾ ਦਿਵਾਇਆ ਹੈ ਕਿ ਵਰਲਡ ਕੱਪ ਦੌਰਾਨ ਵੀ ਡਾਕ ਸੇਵਾਵਾਂ ਨੂੰ ਜਾਰੀ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਦਿੱਕਤ ਆਵੇ।