ਲੰਡਨ ਦੇ ਗੈਟਵਿਕ ਹਵਾਈ ਅੱਡੇ 'ਤੇ ਪਾਣੀ ਸਪਲਾਈ ਠੱਪ, ਟਾਇਲਟ, ਰੈਸਟੋਰੈਂਟ ਅਤੇ ਕੈਫੇ ਬੰਦ

ਲੰਡਨ ਦੇ ਗੈਟਵਿਕ ਹਵਾਈ ਅੱਡੇ 'ਤੇ ਪਾਣੀ ਸਪਲਾਈ ਠੱਪ, ਟਾਇਲਟ, ਰੈਸਟੋਰੈਂਟ ਅਤੇ ਕੈਫੇ ਬੰਦ

ਲੰਡਨ-ਬ੍ਰਿਟੇਨ ਦੇ ਦੂਜੇ ਸਭ ਤੋਂ ਰੁੱਝੇ ਹੋਏ ਗੈਟਵਿਕ ਹਵਾਈ ਅੱਡੇ 'ਤੇ ਐਤਵਾਰ ਨੂੰ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਕਮੀ ਕਾਰਨ ਦੋਵੇਂ ਟਰਮੀਨਲਾਂ ਵਿੱਚ ਟਾਇਲਟ, ਰੈਸਟੋਰੈਂਟ, ਬਾਰ ਅਤੇ ਹੋਰ ਕਈ ਸਹੂਲਤਾਂ ਪ੍ਰਭਾਵਿਤ ਹੋਈਆਂ, ਹਾਲਾਂਕਿ ਉਡਾਣਾਂ ਦਾ ਸੰਚਾਲਨ ਆਮ ਤਰ੍ਹਾਂ ਜਾਰੀ ਰਿਹਾ।ਹਵਾਈ ਅੱਡਾ ਪ੍ਰਬੰਧਨ ਨੇ ਦੱਸਿਆ ਕਿ ਹੋਰਲੀ (Horley) ਖੇਤਰ ਵਿੱਚ ਪਾਣੀ ਸਪਲਾਈ ਦੀ ਸਮੱਸਿਆ ਕਾਰਨ ਗੈਟਵਿਕ ਦੇ ਦੋਵੇਂ ਟਰਮੀਨਲਾਂ ਵਿੱਚ ਪਾਣੀ ਦੀ ਸਪਲਾਈ ਬੰਦ ਹੋ ਗਈ। ਇਸ ਕਾਰਨ ਯਾਤਰੀਆਂ ਨੂੰ ਹੱਥ ਧੋਣ, ਗਰਮ ਪੀਣ ਵਾਲੀਆਂ ਚੀਜ਼ਾਂ ਲੈਣ ਅਤੇ ਪਾਣੀ ਦੀਆਂ ਬੋਤਲਾਂ ਭਰਨ ਵਿੱਚ ਮੁਸ਼ਕਲਾਂ ਆਈਆਂ।

ਗੈਟਵਿਕ ਹਵਾਈ ਅੱਡੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਯਾਤਰੀਆਂ ਅਤੇ ਸਟਾਫ਼ ਦੀ ਸਹੂਲਤ ਲਈ ਬੋਤਲਬੰਦ ਪਾਣੀ ਵੰਡਿਆ ਜਾ ਰਿਹਾ ਹੈ ਅਤੇ ਹੋਰ ਐਮਰਜੈਂਸੀ ਪ੍ਰਬੰਧ ਵੀ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਉਹ ਖੇਦ ਪ੍ਰਗਟ ਕਰਦੇ ਹਨ ਅਤੇ ਹਾਲਾਤ ਨੂੰ ਜਲਦੀ ਸਧਾਰਨ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।ਸੋਸ਼ਲ ਮੀਡੀਆ 'ਤੇ ਕਈ ਯਾਤਰੀਆਂ ਨੇ ਦੱਸਿਆ ਕਿ ਪਾਣੀ ਨਾ ਹੋਣ ਕਾਰਨ ਹਵਾਈ ਅੱਡੇ ਦੇ ਜ਼ਿਆਦਾਤਰ ਰੈਸਟੋਰੈਂਟ ਅਤੇ ਬਾਰ ਬੰਦ ਕਰ ਦਿੱਤੇ ਗਏ ਸਨ। ਟਾਇਲਟਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਪਾਣੀ ਸਪਲਾਈ ਕਰਨ ਵਾਲੀ ਕੰਪਨੀ SES Water ਨੇ ਬਾਅਦ ਵਿੱਚ ਜਾਣਕਾਰੀ ਦਿੱਤੀ ਕਿ ਬਾਊ ਬੀਚ (Bough Beech) ਵਾਟਰ ਟਰੀਟਮੈਂਟ ਵਰਕਸ ਮੁੜ ਚਾਲੂ ਕਰ ਦਿੱਤਾ ਗਿਆ ਹੈ। ਹੁਣ ਪਾਣੀ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਤੋਂ ਬਾਅਦ ਸਪਲਾਈ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾਵੇਗਾ।ਹਵਾਈ ਅੱਡਾ ਪ੍ਰਬੰਧਨ ਨੇ ਕਿਹਾ ਕਿ ਉਹ ਪਾਣੀ ਸਪਲਾਈ ਕਰਨ ਵਾਲੀ ਕੰਪਨੀ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਜਲਦੀ ਹੀ ਸਾਰੀਆਂ ਸੇਵਾਵਾਂ ਆਮ ਵਾਂਗ ਬਹਾਲ ਕਰ ਦਿੱਤੀਆਂ ਜਾਣਗੀਆਂ।