ਰੌਕੀ ਪਹਾੜਾਂ ਦੇ ਪੂਰਬੀ ਢਲਾਣਾਂ 'ਚ ਕੋਲਾ ਖਣਨ ਰੋਕਣ ਸਬੰਧੀ ਪਟੀਸ਼ਨ ਜਮ੍ਹਾਂ, ਦਸਤਖ਼ਤਾਂ ਦੀ ਜਾਂਚ ਸ਼ੁਰੂ
ਐਡਮੰਟਨ, 10 ਜੂਨ – ਰੌਕੀ ਪਹਾੜਾਂ ਦੇ ਪੂਰਬੀ ਢਲਾਣਾਂ ਵਿੱਚ ਨਵੇਂ ਕੋਲਾ ਖਣਨ ਪ੍ਰੋਜੈਕਟਾਂ ਨੂੰ ਰੋਕਣ ਦੀ ਮੰਗ ਕਰਨ ਵਾਲੀ ਨਾਗਰਿਕ ਪਹਿਲ (ਸਿਟੀਜ਼ਨ ਇਨੀਸ਼ੀਏਟਿਵ) ਪਟੀਸ਼ਨ ਦੀ ਦਸਤਖ਼ਤ ਇਕੱਠੇ ਕਰਨ ਦੀ ਮਿਆਦ 10 ਜੂਨ ਨੂੰ ਸਮਾਪਤ ਹੋ ਗਈ। ਪਟੀਸ਼ਨ ਦੇ ਪ੍ਰਸਤਾਵਕ ਕੋਰਬੀ ਲੁੰਡ ਨੇ ਦਸਤਖ਼ਤਾਂ ਵਾਲੀਆਂ ਸ਼ੀਟਾਂ ਅਲਬਰਟਾ ਦੇ ਮੁੱਖ ਚੋਣ ਅਧਿਕਾਰੀ ਗੋਰਡਨ ਮੈਕਕਲੂਰ ਨੂੰ ਸੌਂਪ ਦਿੱਤੀਆਂ ਹਨ।
ਮੁੱਖ ਚੋਣ ਅਧਿਕਾਰੀ ਨੂੰ ਇਹ ਹਲਫ਼ਨਾਮਾ ਵੀ ਪ੍ਰਾਪਤ ਹੋਇਆ ਹੈ ਕਿ ਪਟੀਸ਼ਨ ਨਾਲ ਸਬੰਧਤ ਦਸਤਖ਼ਤ ਸ਼ੀਟਾਂ ਦੀਆਂ ਸਾਰੀਆਂ ਨਕਲਾਂ ਕਾਨੂੰਨ ਅਨੁਸਾਰ ਨਸ਼ਟ ਕਰ ਦਿੱਤੀਆਂ ਗਈਆਂ ਹਨ।ਹੁਣ ਇਲੈਕਸ਼ਨਜ਼ ਅਲਬਰਟਾ ਵੱਲੋਂ ਪਟੀਸ਼ਨ ਦੀ ਅਧਿਕਾਰਕ ਜਾਂਚ-ਪੜਤਾਲ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। 2026 ਵਿੱਚ ਲਾਗੂ ਹੋਏ ਨਵੇਂ ਕਾਨੂੰਨੀ ਸੋਧਾਂ ਅਨੁਸਾਰ ਇਸ ਪ੍ਰਕਿਰਿਆ ਦੌਰਾਨ ਪਟੀਸ਼ਨ ਦੇ ਪ੍ਰਸਤਾਵਕ ਅਤੇ ਨਿਆਂ ਮੰਤਰੀ ਦੋਵੇਂ ਪੱਖਾਂ ਵੱਲੋਂ ਵਕੀਲਾਂ ਨੂੰ ਨਿਗਰਾਨ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ।ਕਿਸੇ ਵੀ ਨਾਗਰਿਕ ਪਹਿਲ ਪਟੀਸ਼ਨ ਨੂੰ ਸਫਲ ਮੰਨਣ ਲਈ ਪਿਛਲੀਆਂ ਸੂਬਾਈ ਚੋਣਾਂ ਵਿੱਚ ਪਈਆਂ ਕੁੱਲ ਵੋਟਾਂ ਦੇ ਘੱਟੋ-ਘੱਟ 10 ਫ਼ੀਸਦੀ ਦਸਤਖ਼ਤ ਲਾਜ਼ਮੀ ਹੁੰਦੇ ਹਨ। ਇਸ ਮਾਮਲੇ ਵਿੱਚ ਇਹ ਗਿਣਤੀ 1,77,732 ਦਸਤਖ਼ਤਾਂ ਦੇ ਬਰਾਬਰ ਹੈ। ਇਲੈਕਸ਼ਨਜ਼ ਅਲਬਰਟਾ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਚੁਣੇ ਗਏ ਕੁਝ ਲੋਕਾਂ ਨੂੰ ਫ਼ੋਨ, ਟੈਕਸਟ ਸੁਨੇਹੇ ਜਾਂ ਈ-ਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਇਸ ਲਈ ਪਟੀਸ਼ਨ 'ਤੇ ਦਸਤਖ਼ਤ ਕਰਨ ਵਾਲੇ ਲੋਕ ਆਪਣੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਤਿਆਰ ਰਹਿਣ।ਜੇਕਰ ਪਟੀਸ਼ਨ ਸਫਲ ਰਹਿੰਦੀ ਹੈ ਤਾਂ ਇਸ ਨਾਲ ਜੁੜੇ ਕਾਨੂੰਨੀ ਪ੍ਰਸਤਾਵ ਦੀ ਕਾਪੀ ਸੂਬਾਈ ਵਿਧਾਨ ਸਭਾ ਦੇ ਸਪੀਕਰ ਨੂੰ ਭੇਜੀ ਜਾਵੇਗੀ।
ਇਲੈਕਸ਼ਨਜ਼ ਅਲਬਰਟਾ ਵੱਲੋਂ ਜਾਂਚ ਦੇ ਨਤੀਜੇ 1 ਜੁਲਾਈ 2026 ਤੱਕ ਜਨਤਕ ਕੀਤੇ ਜਾਣ ਦੀ ਉਮੀਦ ਹੈ।ਇਸ ਤੋਂ ਇਲਾਵਾ, ਮੁੱਖ ਚੋਣ ਅਧਿਕਾਰੀ ਨੇ ਹਦਾਇਤ ਦਿੱਤੀ ਹੈ ਕਿ ਜਾਂਚ ਦੌਰਾਨ ਖ਼ਾਸ ਤੌਰ 'ਤੇ ਕੁਝ "ਸੀਡਡ ਨਾਮਾਂ" ਦੀ ਵੀ ਜਾਂਚ ਕੀਤੀ ਜਾਵੇਗੀ। ਜੇਕਰ ਅਜਿਹੇ ਨਾਮ ਪਟੀਸ਼ਨ ਵਿੱਚ ਮਿਲਦੇ ਹਨ ਤਾਂ ਹੋਰ ਡੂੰਘੀ ਜਾਂਚ ਕੀਤੀ ਜਾਵੇਗੀ।
















