ਮੇਅ ਲਾਂਗ ਵੀਕੈਂਡ ਤੋਂ ਪਹਿਲਾਂ ਕੈਲਗਰੀ ਵਿੱਚ ਪੈਟਰੋਲ ਕੀਮਤਾਂ ‘ਚ ਭਾਰੀ ਉਛਾਲ

ਮੇਅ ਲਾਂਗ ਵੀਕੈਂਡ ਤੋਂ ਪਹਿਲਾਂ ਕੈਲਗਰੀ ਵਿੱਚ ਪੈਟਰੋਲ ਕੀਮਤਾਂ ‘ਚ ਭਾਰੀ ਉਛਾਲ

ਕੈਲਗਰੀ-ਮੇਅ ਲਾਂਗ ਵੀਕੈਂਡ ਤੋਂ ਠੀਕ ਪਹਿਲਾਂ ਕੈਲਗਰੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਦੇ ਘਰੇਲੂ ਬਜਟ ਅਤੇ ਯਾਤਰਾ ਯੋਜਨਾਵਾਂ ਪ੍ਰਭਾਵਿਤ ਹੋ ਰਹੀਆਂ ਹਨ।

GasBuddy ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਸ਼ਹਿਰ ਵਿੱਚ ਪੈਟਰੋਲ ਦੀ ਔਸਤ ਕੀਮਤ 189.1 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਗਈ, ਜਦਕਿ ਹਫ਼ਤੇ ਦੀ ਸ਼ੁਰੂਆਤ ਵਿੱਚ ਇਹ ਕੀਮਤ 170 ਸੈਂਟ ਤੋਂ ਵੀ ਘੱਟ ਸੀ।

ਮਾਹਿਰਾਂ ਅਨੁਸਾਰ ਮੱਧ ਪੂਰਬ ਵਿੱਚ ਜਾਰੀ ਤਣਾਅ, ਰਿਫ਼ਾਈਨਰੀਆਂ ‘ਤੇ ਵਧਦਾ ਦਬਾਅ ਅਤੇ ਲਾਂਗ ਵੀਕੈਂਡ ਕਾਰਨ ਵਧੀ ਮੰਗ ਇਸ ਉਛਾਲ ਦੇ ਮੁੱਖ ਕਾਰਨ ਹਨ।ਵਧਦੀਆਂ ਕੀਮਤਾਂ ਨੇ ਕਈ ਪਰਿਵਾਰਾਂ ਨੂੰ ਆਪਣੀਆਂ ਯੋਜਨਾਵਾਂ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਕੈਲਗਰੀ ਵਾਸੀ ਕੋਰਟਨੀ ਨੇ ਦੱਸਿਆ ਕਿ ਉਸਦਾ ਪਰਿਵਾਰ ਪਹਿਲਾਂ ਕੈਂਪਰ ਲੈ ਕੇ ਘੁੰਮਣ ਜਾਣ ਦੀ ਯੋਜਨਾ ਬਣਾ ਰਿਹਾ ਸੀ, ਪਰ ਹੁਣ ਖਰਚ ਘਟਾਉਣ ਲਈ ਟੈਂਟ ਨਾਲ ਜਾਣਾ ਪਵੇਗਾ। ਉਸਨੇ ਕਿਹਾ ਕਿ ਪਰਿਵਾਰ ਨੇ ਰੋਜ਼ਾਨਾ ਦੇ ਖਰਚਾਂ ਵਿੱਚ ਵੀ ਕਾਫ਼ੀ ਕਟੌਤੀ ਕਰ ਦਿੱਤੀ ਹੈ।

ਪਿਛਲੇ ਸਾਲ ਮੇਅ ਲਾਂਗ ਵੀਕੈਂਡ ਦੌਰਾਨ ਪੈਟਰੋਲ ਦੀ ਕੀਮਤ ਲਗਭਗ 130 ਸੈਂਟ ਪ੍ਰਤੀ ਲੀਟਰ ਦੇ ਨੇੜੇ ਸੀ, ਜਦਕਿ ਇਸ ਵਾਰ ਡਰਾਈਵਰ ਹਰ ਲੀਟਰ ‘ਤੇ ਕਰੀਬ 60 ਸੈਂਟ ਵੱਧ ਅਦਾ ਕਰ ਰਹੇ ਹਨ।ਕੰਮ ਲਈ ਰੋਜ਼ਾਨਾ ਵਾਹਨ ਚਲਾਉਣ ਵਾਲੇ ਟ੍ਰੇਵਰ ਨੇ ਕਿਹਾ ਕਿ ਉਹ ਹੁਣ ਸਿਰਫ਼ ਲੋੜ ਮੁਤਾਬਕ ਹੀ ਪੈਟਰੋਲ ਡਲਵਾ ਰਹੇ ਹਨ ਕਿਉਂਕਿ ਕੀਮਤਾਂ ਬਹੁਤ ਵੱਧ ਚੁੱਕੀਆਂ ਹਨ।ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਮਹਿੰਗੇ ਪੈਟਰੋਲ ਦੇ ਬਾਵਜੂਦ ਉਹ ਆਪਣੀ ਦਿਨਚਰੀ ਨਹੀਂ ਬਦਲ ਸਕਦੇ। ਸਕਾਟ ਨਾਮਕ ਡਰਾਈਵਰ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਛੱਡਣਾ ਅਤੇ ਕੰਮ ‘ਤੇ ਜਾਣਾ ਜ਼ਰੂਰੀ ਹੈ, ਹਾਲਾਂਕਿ ਗਰਮੀ ਦੀਆਂ ਛੁੱਟੀਆਂ ਦੀਆਂ ਯੋਜਨਾਵਾਂ ‘ਤੇ ਇਸਦਾ ਅਸਰ ਪੈ ਸਕਦਾ ਹੈ।ਗਰਮੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਵਧ ਰਹੀਆਂ ਕੀਮਤਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਹੁਣ ਸਾਰੇ ਡਰਾਈਵਰ ਪੈਟਰੋਲ ਕੀਮਤਾਂ ਵਿੱਚ ਰਾਹਤ ਦੀ ਉਡੀਕ ਕਰ ਰਹੇ ਹਨ।