ਬੀ.ਸੀ. ਹਾਈਡਰੋ ਵੱਲੋਂ ਕਾਉਇਚਨ ਵੈਲੀ ਵਿੱਚ 100 ਮੈਗਾਵਾਟ ਬੈਟਰੀ ਊਰਜਾ ਸਟੋਰੇਜ ਪ੍ਰੋਜੈਕਟ ਦਾ ਐਲਾਨ

ਬੀ.ਸੀ. ਹਾਈਡਰੋ ਵੱਲੋਂ ਕਾਉਇਚਨ ਵੈਲੀ ਵਿੱਚ 100 ਮੈਗਾਵਾਟ ਬੈਟਰੀ ਊਰਜਾ ਸਟੋਰੇਜ ਪ੍ਰੋਜੈਕਟ ਦਾ ਐਲਾਨ

ਡੰਕਨ (ਬ੍ਰਿਟਿਸ਼ ਕੋਲੰਬੀਆ)-ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ ਬੀ.ਸੀ. ਹਾਈਡਰੋ ਨੇ ਵੈਨਕੂਵਰ ਟਾਪੂ ਦੇ ਨੌਰਥ ਕਾਉਇਚਨ ਵਿੱਚ 100 ਮੈਗਾਵਾਟ ਸਮਰੱਥਾ ਵਾਲਾ ਸੂਬੇ ਦਾ ਪਹਿਲਾ ਯੂਟਿਲਿਟੀ-ਪੱਧਰ ਬੈਟਰੀ ਊਰਜਾ ਸਟੋਰੇਜ ਪ੍ਰੋਜੈਕਟ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰੋਜੈਕਟ ਦਾ ਮਕਸਦ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਅਤੇ ਸੂਬੇ ਦੇ ਬਿਜਲੀ ਗ੍ਰਿਡ ਨੂੰ ਹੋਰ ਭਰੋਸੇਯੋਗ ਅਤੇ ਮਜ਼ਬੂਤ ਬਣਾਉਣਾ ਹੈ।

ਇਸ ਪ੍ਰੋਜੈਕਟ ਦਾ ਐਲਾਨ ਡੰਕਨ ਨੇੜੇ 7056 ਬੈੱਲ ਮੈਕਕਿਨਨ ਰੋਡ ਸਥਿਤ ਬੀ.ਸੀ. ਹਾਈਡਰੋ ਦੇ ਸਬ-ਸਟੇਸ਼ਨ ਵਿਖੇ ਕੀਤਾ ਗਿਆ। ਨਵਾਂ ਬੈਟਰੀ ਸਟੋਰੇਜ ਕੇਂਦਰ ਮੌਜੂਦਾ ਸਬ-ਸਟੇਸ਼ਨ ਦੇ ਨਾਲ ਲੱਗਦੀ ਜ਼ਮੀਨ 'ਤੇ ਬਣਾਇਆ ਜਾਵੇਗਾ।ਬੀ.ਸੀ. ਹਾਈਡਰੋ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਰਲਟ ਮਿਥਾ ਨੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਵਿੱਚ ਬਿਜਲੀ ਸਪਲਾਈ ਨੂੰ ਭਵਿੱਖ ਦੀਆਂ ਲੋੜਾਂ ਮੁਤਾਬਕ ਤਿਆਰ ਕਰਨ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਬੈਟਰੀ ਪ੍ਰਣਾਲੀ ਵਾਧੂ ਬਿਜਲੀ ਨੂੰ ਸਟੋਰ ਕਰੇਗੀ ਅਤੇ ਲੋੜ ਪੈਣ 'ਤੇ ਕੁਝ ਸਕਿੰਟਾਂ ਵਿੱਚ ਗ੍ਰਿਡ ਨੂੰ ਮੁੜ ਬਿਜਲੀ ਮੁਹੱਈਆ ਕਰਵਾ ਸਕੇਗੀ, ਜਿਸ ਨਾਲ ਬਿਜਲੀ ਸਪਲਾਈ ਹੋਰ ਭਰੋਸੇਯੋਗ ਬਣੇਗੀ।

ਕਾਉਇਚਨ ਵੈਲੀ ਦੀ ਵਿਧਾਇਕ ਡੇਬਰਾ ਟੋਪੋਰੋਵਸਕੀ ਨੇ ਕਿਹਾ ਕਿ ਇਹ ਗੱਲ ਖੁਸ਼ੀ ਦੀ ਹੈ ਕਿ ਬੀ.ਸੀ. ਹਾਈਡਰੋ ਨੇ ਆਪਣੇ ਪਹਿਲੇ ਬੈਟਰੀ ਸਟੋਰੇਜ ਪ੍ਰੋਜੈਕਟ ਲਈ ਕਾਉਇਚਨ ਵੈਲੀ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਖੇਤਰ ਵਿੱਚ ਹੋ ਰਹੇ ਤੇਜ਼ ਵਿਕਾਸ, ਨਵੇਂ ਰਿਹਾਇਸ਼ੀ ਪ੍ਰੋਜੈਕਟਾਂ, ਆਰਥਿਕ ਨਿਵੇਸ਼ ਅਤੇ ਵਧ ਰਹੀ ਬਿਜਲੀ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮਹੱਤਵਪੂਰਨ ਕਦਮ ਹੈ।

ਸੂਬੇ ਦੇ ਊਰਜਾ ਅਤੇ ਜਲਵਾਯੂ ਹੱਲ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਘਰਾਂ ਅਤੇ ਕਾਰੋਬਾਰਾਂ ਲਈ ਸਾਫ਼, ਕਿਫ਼ਾਇਤੀ ਅਤੇ ਭਰੋਸੇਯੋਗ ਬਿਜਲੀ ਯਕੀਨੀ ਬਣਾਉਣ ਲਈ ਰਣਨੀਤਕ ਨਿਵੇਸ਼ ਕਰ ਰਹੀ ਹੈ।ਕਲੀਨ ਐਨਰਜੀ ਬੀ.ਸੀ. ਦੇ ਕਾਰਜਕਾਰੀ ਡਾਇਰੈਕਟਰ ਸਟੀਫਨ ਰੇਨਰ ਨੇ ਕਿਹਾ ਕਿ ਇਹ ਪ੍ਰੋਜੈਕਟ ਆਧੁਨਿਕ ਅਤੇ ਸਾਫ਼ ਬਿਜਲੀ ਗ੍ਰਿਡ ਵੱਲ ਇੱਕ ਵੱਡਾ ਮੀਲ ਪੱਥਰ ਹੈ। ਉਨ੍ਹਾਂ ਦੱਸਿਆ ਕਿ ਬੀ.ਸੀ. ਹਾਈਡਰੋ ਨੇ ਸੂਬੇ ਭਰ ਵਿੱਚ ਕੁੱਲ 500 ਮੈਗਾਵਾਟ ਬੈਟਰੀ ਸਟੋਰੇਜ ਸਮਰੱਥਾ ਵਿਕਸਤ ਕਰਨ ਦੀ ਸੰਭਾਵਨਾ ਦਰਸਾਈ ਹੈ, ਜਿਸ ਨਾਲ ਸਥਾਨਕ ਕਾਰੋਬਾਰਾਂ ਅਤੇ ਫਸਟ ਨੇਸ਼ਨ ਭਾਈਚਾਰਿਆਂ ਲਈ ਨਵੇਂ ਆਰਥਿਕ ਮੌਕੇ ਪੈਦਾ ਹੋਣਗੇ।

ਬੀ.ਸੀ. ਹਾਈਡਰੋ ਇਸ ਪ੍ਰੋਜੈਕਟ ਦੀ ਮਾਲਕੀ ਅਤੇ ਸੰਚਾਲਨ ਆਪਣੇ ਹੱਥ ਵਿੱਚ ਰੱਖੇਗਾ। 30 ਜੁਲਾਈ ਨੂੰ ਤਜਰਬੇਕਾਰ ਕੰਪਨੀਆਂ ਦੀ ਚੋਣ ਲਈ ਸਪਲਾਇਰ ਯੋਗਤਾ ਅਰਜ਼ੀਆਂ (Request for Supplier Qualifications) ਮੰਗੀਆਂ ਜਾਣਗੀਆਂ। ਇਸ ਤੋਂ ਬਾਅਦ ਚੁਣੀਆਂ ਗਈਆਂ ਕੰਪਨੀਆਂ ਨੂੰ ਟੈਂਡਰ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇਗਾ।ਬੀ.ਸੀ. ਹਾਈਡਰੋ ਦਾ ਟੀਚਾ ਹੈ ਕਿ ਇਹ ਬੈਟਰੀ ਊਰਜਾ ਸਟੋਰੇਜ ਕੇਂਦਰ ਸਾਲ 2030 ਤੱਕ ਚਾਲੂ ਕਰ ਦਿੱਤਾ ਜਾਵੇ। ਮੌਜੂਦਾ ਬੀ.ਸੀ. ਹਾਈਡਰੋ ਦੀ ਜ਼ਮੀਨ ਦੀ ਵਰਤੋਂ ਕਰਕੇ ਇਸ ਪ੍ਰੋਜੈਕਟ ਨੂੰ ਮੌਜੂਦਾ ਬਿਜਲੀ ਪ੍ਰਣਾਲੀ ਨਾਲ ਸੁਚੱਜੇ ਢੰਗ ਨਾਲ ਜੋੜਿਆ ਜਾਵੇਗਾ ਅਤੇ ਵਾਤਾਵਰਨ ਤੇ ਵਿਕਾਸ ਸੰਬੰਧੀ ਪ੍ਰਭਾਵਾਂ ਨੂੰ ਘੱਟ ਤੋਂ ਘੱਟ ਰੱਖਿਆ ਜਾਵੇਗਾ।