ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੌਜ ਤਾਇਨਾਤ; 10 ਪਿੰਡਾਂ ਨਾਲ ਸੰਪਰਕ ਟੁੱਟਿਆ

ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੌਜ ਤਾਇਨਾਤ; 10 ਪਿੰਡਾਂ ਨਾਲ ਸੰਪਰਕ ਟੁੱਟਿਆ

ਫਾਜ਼ਿਲਕਾ-ਹੜ੍ਹ ਦੀ ਭਿਆਨਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭਾਰਤੀ ਫੌਜ ਤਾਇਨਾਤ ਕੀਤੀ ਗਈ ਹੈ। ਫੌਜ ਦੇ ਜਵਾਨਾਂ ਨੇ ਸਤਲੁਜ ਨਦੀ ਦੇ ਨੇੜੇ ਪੈਂਦੇ ਲਗਭਗ 10 ਪਿੰਡਾਂ ਵਿੱਚ ਬਚਾਅ ਅਤੇ ਨਿਕਾਸੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਾਨਵਾਂਵਾਲੀ ਪੁਲ ਤੋਂ ਹੜ੍ਹ ਦਾ ਪਾਣੀ ਭਰ ਜਾਣ ਕਾਰਨ ਇਨ੍ਹਾਂ ਪਿੰਡਾਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਇਹ ਪੁਲ ਇਨ੍ਹਾਂ ਪਿੰਡਾਂ ਨੂੰ ਫਾਜ਼ਿਲਕਾ ਸ਼ਹਿਰ ਨਾਲ ਜੋੜਦਾ ਹੈ। ਇਸ ਤੋਂ ਇਲਾਵਾ ਸੜਕਾਂ ’ਤੇ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਜਾਣ ਨਾਲ ਲਿੰਕ ਸੜਕਾਂ ਵੀ ਡੁੱਬ ਗਈਆਂ ਹਨ। ਪ੍ਰਭਾਵਿਤ ਪਿੰਡ ਰਾਮ ਸਿੰਘ ਭੈਣੀ, ਤੇਜਾ ਰੁਹੇਲਾ, ਦੋਨਾ ਨਾਨਕਾ, ਗੱਟੀ ਨੰਬਰ 1, ਮਹਾਤਮ ਨਗਰ, ਗੁਲਾਬਾ ਭੈਣੀ, ਚੱਕ ਰੁਹੇਲਾ, ਰੇਤੇਵਾਲੀ ਭੈਣੀ ਅਤੇ ਝੰਗਰ ਭੈਣੀ ਤੋਂ ਇਲਾਵਾ ਕਈ ਪਿੰਡ ਹਨ। ਪਿੰਡ ਵਾਸੀਆਂ ਦੇ ਅਨੁਸਾਰ, ਅੰਦਾਜ਼ਨ 10,000 ਵਸਨੀਕ ਆਪਣੇ-ਆਪਣੇ ਪਿੰਡਾਂ ਵਿੱਚ ਫਸੇ ਹੋਏ ਹਨ। “ਇਨ੍ਹਾਂ ਪਿੰਡ ਵਾਸੀਆਂ ਨੂੰ ਲਿਜਾਣ ਲਈ ਕਿਸ਼ਤੀਆਂ ਹੀ ਆਵਾਜਾਈ ਦਾ ਇੱਕੋ ਇੱਕ ਸਾਧਨ ਹਨ; ਉਹ ਹੁਣ ਪੂਰੀ ਤਰ੍ਹਾਂ ਐਨਡੀਆਰਐਫ ਅਤੇ ਭਾਰਤੀ ਫੌਜ ਦੀਆਂ ਟੀਮਾਂ ’ਤੇ ਨਿਰਭਰ ਹਨ। ਇਸ ਮੌਕ ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ ਨੇ ਕਿਹਾ ਕਿ ਫਾਜ਼ਿਲਕਾ ਵਿੱਚ ਰਾਹਤ ਕੈਂਪਾਂ ਦੀ ਗਿਣਤੀ ਪੰਜ ਤੋਂ ਵਧਾ ਕੇ ਸੱਤ ਕਰ ਦਿੱਤੀ ਗਈ ਹੈ, ਜਿੱਥੇ ਹੁਣ ਤੱਕ ਲਗਭਗ 300 ਵਿਸਥਾਪਿਤ ਪਿੰਡ ਵਾਸੀਆਂ ਤੱਕ ਪਹੁੰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਹਰਾ ਚਾਰਾ, ਰਾਸ਼ਨ, ਪਸ਼ੂਆਂ ਦੀ ਖੁਰਾਕ ਸਮੇਤ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।