ਪੰਜਾਬ ਵਿੱਚ ਨਸ਼ਾ ਤਸਕਰੀ ਕਰਨ ਵਾਲੇ 40 ਫੀਸਦੀ ਪਾਕਿਸਤਾਨੀ ਸਮੱਗਲਰ ਲਾਹੌਰ ਅਤੇ ਕਸੂਰ ਨਾਲ ਸਬੰਧਤ

ਪੰਜਾਬ ਵਿੱਚ ਨਸ਼ਾ ਤਸਕਰੀ ਕਰਨ ਵਾਲੇ 40 ਫੀਸਦੀ ਪਾਕਿਸਤਾਨੀ ਸਮੱਗਲਰ ਲਾਹੌਰ ਅਤੇ ਕਸੂਰ ਨਾਲ ਸਬੰਧਤ

ਚੰਡੀਗੜ੍ਹ-ਪੰਜਾਬ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਤਿਆਰ ਕੀਤੇ ਗਏ ਡੋਜ਼ੀਅਰ ਅਨੁਸਾਰ ਭਾਰਤੀ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਕਰਨ ਵਾਲੇ 128 ਪਾਕਿਸਤਾਨੀ ਸਮੱਗਲਰਾਂ ਵਿੱਚੋਂ 40 ਫੀਸਦੀ ਤੋਂ ਵੱਧ ਸਿਰਫ਼ ਪਾਕਿਸਤਾਨ ਦੇ ਲਾਹੌਰ ਅਤੇ ਕਸੂਰ ਜ਼ਿਲ੍ਹਿਆਂ ਨਾਲ ਸਬੰਧਤ ਹਨ।ਡੋਜ਼ੀਅਰ ਮੁਤਾਬਕ ਲਾਹੌਰ ਸਭ ਤੋਂ ਵੱਡਾ ਕੇਂਦਰ ਬਣ ਕੇ ਸਾਹਮਣੇ ਆਇਆ ਹੈ, ਜਿੱਥੇ 27 ਸਮੱਗਲਰਾਂ ਦੀ ਪਛਾਣ ਕੀਤੀ ਗਈ ਹੈ, ਜਦਕਿ ਕਸੂਰ ਜ਼ਿਲ੍ਹੇ ਨਾਲ ਸਬੰਧਤ 26 ਵਿਅਕਤੀਆਂ ਦੇ ਨਾਮ ਸੂਚੀ ਵਿੱਚ ਸ਼ਾਮਲ ਹਨ। ਇਹ ਦੋਵੇਂ ਜ਼ਿਲ੍ਹੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਹਨ ਅਤੇ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਮੁੱਖ ਅੱਡੇ ਮੰਨੇ ਜਾ ਰਹੇ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਸਕਰ ਡਰੋਨ ਡਰਾਪ, ਜ਼ਮੀਨੀ ਰਸਤੇ ਅਤੇ ਕੰਟੇਨਰਾਂ ਰਾਹੀਂ ਨਸ਼ੀਲੇ ਪਦਾਰਥ ਭਾਰਤ ਭੇਜ ਰਹੇ ਹਨ। ਕਈ ਤਸਕਰ ਛੋਟੇ ਪਿੰਡਾਂ ਅਤੇ ਸਰਹੱਦੀ ਇਲਾਕਿਆਂ ਜਿਵੇਂ ਸਹਜਰਾ, ਨਗਰ, ਪੱਡੇ, ਨਰਵਾਰ, ਕੰਗਨਪੁਰ ਅਤੇ ਮਨਿਹਾਲਾ ਕਲਾਂ ਨਾਲ ਸਬੰਧਤ ਹਨ।

ਡੋਜ਼ੀਅਰ ਅਨੁਸਾਰ ਸ਼ਫ਼ਕਤ ਹੁਸੈਨ ਬੱਟ ਉਰਫ਼ “ਬਾਗਾ ਬੱਟ” ਇਸ ਨੈੱਟਵਰਕ ਦਾ ਇੱਕ ਮੁੱਖ ਚਿਹਰਾ ਹੈ। ਉਹ ਲਾਹੌਰ ਦੇ ਪਿੰਡ ਭਾਸਿਨ ਨਾਲ ਸਬੰਧਤ ਦੱਸਿਆ ਗਿਆ ਹੈ ਅਤੇ ਉਸ ’ਤੇ ਅੰਮ੍ਰਿਤਸਰ ਸਰਹੱਦ ਰਾਹੀਂ ਹੈਕਸਾਕਾਪਟਰ ਡਰੋਨਾਂ ਦੀ ਵਰਤੋਂ ਕਰਕੇ ਨਸ਼ਾ ਅਤੇ ਹਥਿਆਰ ਭੇਜਣ ਦੇ ਦੋਸ਼ ਹਨ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸਨੂੰ ਰਾਜਨੀਤਿਕ ਸੁਰੱਖਿਆ ਪ੍ਰਾਪਤ ਹੈ।ਪੁਲਿਸ ਅਧਿਕਾਰੀਆਂ ਦੇ ਮੁਤਾਬਕ ਪਾਕਿਸਤਾਨੀ ਡਰੋਨਾਂ ਰਾਹੀਂ ਸੁੱਟੇ ਜਾਣ ਵਾਲੇ ਹਰ ਨਸ਼ੇ ਦੇ ਪੈਕਟ ਨਾਲ ਹਥਿਆਰ, ਗੋਲਾਬਾਰੂਦ ਜਾਂ ਕਈ ਵਾਰ ਗ੍ਰੇਨੇਡ ਵੀ ਭੇਜੇ ਜਾਂਦੇ ਹਨ।ਡੋਜ਼ੀਅਰ ਵਿੱਚ ਕੁਝ ਤਸਕਰਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਸਬੰਧ ਹੋਣ ਦੇ ਵੀ ਇਸ਼ਾਰੇ ਦਿੱਤੇ ਗਏ ਹਨ, ਖਾਸ ਕਰਕੇ ਅੰਮ੍ਰਿਤਸਰ ਸਰਹੱਦ ਦੇ ਸਾਹਮਣੇ ਵਾਲੇ ਪਿੰਡਾਂ ਵਿੱਚ ਸਰਗਰਮ ਗਿਰੋਹਾਂ ਦੇ।

ਇਸ ਤੋਂ ਇਲਾਵਾ ਦੁਬਈ ਅਤੇ ਆਸਟ੍ਰੇਲੀਆ ਵਿੱਚ ਬੈਠੇ ਕੋਆਰਡੀਨੇਟਰਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। “ਭਾਈ ਜਾਨ” ਉਰਫ਼ “ਵੱਡੇ ਭਾਜੀ” ਨਾਮਕ ਇੱਕ ਦੁਬਈ ਆਧਾਰਿਤ ਪਾਕਿਸਤਾਨੀ ਤਸਕਰ ਦਾ ਨਾਮ ਵੀ ਸਾਹਮਣੇ ਆਇਆ ਹੈ, ਜਿਸਦੇ ਭਾਰਤੀ ਅਤੇ ਆਸਟ੍ਰੇਲੀਆਈ ਨਸ਼ਾ ਤਸਕਰਾਂ ਨਾਲ ਸੰਪਰਕ ਦੱਸੇ ਜਾ ਰਹੇ ਹਨ।ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਲਾਹੌਰ-ਕਸੂਰ ਬੈਲਟ ਵਿੱਚ ਤਸਕਰਾਂ ਦੀ ਵੱਡੀ ਮੌਜੂਦਗੀ ਸਰਹੱਦੀ ਸੁਰੱਖਿਆ ਅਤੇ ਖੁਫੀਆ ਕਾਰਵਾਈਆਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਵੱਲ ਇਸ਼ਾਰਾ ਕਰਦੀ ਹੈ।