2027 ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਡਿਜ਼ੀਟਲ ਨਿਊਜ਼ ਪਲੇਟਫਾਰਮਾਂ ਦੀ ਬਾਹਰ
ਚੰਡੀਗੜ੍ਹ-ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਸੂਬੇ ਦਾ ਮੀਡੀਆ ਦ੍ਰਿਸ਼ ਤੇਜ਼ੀ ਨਾਲ ਬਦਲ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਯੂਟਿਊਬ ਚੈਨਲਾਂ ਅਤੇ ਡਿਜ਼ੀਟਲ ਨਿਊਜ਼ ਵੈੱਬਸਾਈਟਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ, ਜਿਸ ਨਾਲ ਰਵਾਇਤੀ ਪੱਤਰਕਾਰਤਾ, ਰਾਜਨੀਤੀ ਅਤੇ ਸੋਸ਼ਲ ਮੀਡੀਆ ਵਿਚਕਾਰ ਦੀਆਂ ਹੱਦਾਂ ਧੁੰਦਲੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ।ਸੂਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ 100 ਤੋਂ ਵੱਧ ਵੈੱਬਸਾਈਟਾਂ ਅਤੇ ਯੂਟਿਊਬ ਚੈਨਲਾਂ ਨੂੰ ਸਰਕਾਰੀ ਇਸ਼ਤਿਹਾਰਾਂ ਲਈ ਮਾਨਤਾ ਦਿੱਤੀ ਜਾ ਚੁੱਕੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੁੱਖਧਾਰਾ ਮੀਡੀਆ ’ਤੇ ਵਧਦੇ ਦਬਾਅ, ਲੰਮੇ ਕੰਮ ਦੇ ਘੰਟੇ ਅਤੇ ਡਿਜ਼ੀਟਲ ਪਲੇਟਫਾਰਮਾਂ ਤੋਂ ਹੋ ਰਹੀ ਕਮਾਈ ਨੇ ਕਈ ਪੱਤਰਕਾਰਾਂ ਨੂੰ ਆਪਣੇ ਸੁਤੰਤਰ ਪਲੇਟਫਾਰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਹੈ।
ਡਿਜ਼ੀਟਲ ਪਲੇਟਫਾਰਮ ਚਲਾ ਰਹੇ ਕਈ ਪੱਤਰਕਾਰਾਂ ਦਾ ਕਹਿਣਾ ਹੈ ਕਿ ਯੂਟਿਊਬ ਅਤੇ ਸੋਸ਼ਲ ਮੀਡੀਆ ਉਨ੍ਹਾਂ ਨੂੰ ਵੱਧ ਆਜ਼ਾਦੀ ਅਤੇ ਆਮਦਨ ਦੇ ਨਵੇਂ ਮੌਕੇ ਪ੍ਰਦਾਨ ਕਰ ਰਹੇ ਹਨ। “ਹੁਣ ਪੱਤਰਕਾਰ ਆਪਣਾ ਮਾਲਕ ਆਪ ਬਣ ਸਕਦਾ ਹੈ,” ਇੱਕ ਡਿਜ਼ੀਟਲ ਮੀਡੀਆ ਸੰਚਾਲਕ ਨੇ ਕਿਹਾ।
ਇਸ ਡਿਜ਼ੀਟਲ ਵਾਧੇ ਨੂੰ ਪੰਜਾਬ ਸਰਕਾਰ ਦੀ ਸੋਸ਼ਲ ਮੀਡੀਆ ਨੀਤੀ ਨੇ ਵੀ ਬਲ ਦਿੱਤਾ ਹੈ। ਸਰਕਾਰ ਵੱਲੋਂ ਇੰਫਲੂਐਂਸਰ ਐਮਪਾਵਰਮੈਂਟ ਪਾਲਿਸੀ ਤਹਿਤ ਯੂਟਿਊਬ ਅਤੇ ਇੰਸਟਾਗ੍ਰਾਮ ਕ੍ਰੀਏਟਰਾਂ ਨੂੰ ਸੈਰ-ਸਪਾਟੇ, ਸਭਿਆਚਾਰ ਅਤੇ ਸਰਕਾਰੀ ਯੋਜਨਾਵਾਂ ਦੇ ਪ੍ਰਚਾਰ ਲਈ ਲੱਖਾਂ ਰੁਪਏ ਤੱਕ ਦੀ ਰਕਮ ਦਿੱਤੀ ਜਾ ਰਹੀ ਹੈ।ਕਈ ਤਜਰਬੇਕਾਰ ਪੱਤਰਕਾਰ ਮੁੱਖਧਾਰਾ ਮੀਡੀਆ ਛੱਡ ਕੇ ਆਪਣੇ ਡਿਜ਼ੀਟਲ ਪਲੇਟਫਾਰਮ ਸ਼ੁਰੂ ਕਰ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਟੀਵੀ ਅਤੇ ਪ੍ਰਿੰਟ ਮੀਡੀਆ ਵਿੱਚ ਕਈ ਵਾਰ ਖ਼ਬਰਾਂ ਨੂੰ ਦਬਾਉਣ ਜਾਂ ਰਾਜਨੀਤਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਸੀ, ਜਦਕਿ ਡਿਜ਼ੀਟਲ ਮਾਧਿਅਮ ਵਿੱਚ ਉਹ ਖੁੱਲ੍ਹ ਕੇ ਕੰਮ ਕਰ ਸਕਦੇ ਹਨ।
ਇਸ ਨਵੇਂ ਰੁਝਾਨ ਨਾਲ ਖ਼ਬਰਾਂ ਦੇ ਪ੍ਰਸਾਰ ਦਾ ਢੰਗ ਵੀ ਬਦਲ ਰਿਹਾ ਹੈ। ਹੁਣ ਕਈ ਵੱਡੀਆਂ ਖ਼ਬਰਾਂ ਪਹਿਲਾਂ ਯੂਟਿਊਬ ਚੈਨਲਾਂ ਜਾਂ ਛੋਟੀਆਂ ਡਿਜ਼ੀਟਲ ਵੈੱਬਸਾਈਟਾਂ ’ਤੇ ਸਾਹਮਣੇ ਆਉਂਦੀਆਂ ਹਨ ਅਤੇ ਬਾਅਦ ਵਿੱਚ ਮੁੱਖਧਾਰਾ ਮੀਡੀਆ ਤੱਕ ਪਹੁੰਚਦੀਆਂ ਹਨ।ਹਾਲਾਂਕਿ ਮੀਡੀਆ ਮਾਹਿਰਾਂ ਨੇ ਇਸ ਵਧਦੇ ਡਿਜ਼ੀਟਲ ਪ੍ਰਭਾਵ ਨੂੰ ਲੈ ਕੇ ਚਿੰਤਾ ਵੀ ਜਤਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਫਾਲੋਅਰਾਂ ਅਤੇ ਵੀਊਜ਼ ਦੀ ਦੌੜ ਵਿੱਚ ਕਈ ਵਾਰ ਪੱਤਰਕਾਰਤਾ ਦੇ ਮਿਆਰ ਪ੍ਰਭਾਵਿਤ ਹੋ ਰਹੇ ਹਨ। ਹੁਣ ਕਈ ਨੇਤਾ ਅਤੇ ਮਸ਼ਹੂਰ ਹਸਤੀਆਂ ਇੰਟਰਵਿਊ ਦੇਣ ਤੋਂ ਪਹਿਲਾਂ ਪੱਤਰਕਾਰ ਦੀ ਪੇਸ਼ਾਵਰ ਯੋਗਤਾ ਦੀ ਬਜਾਏ ਉਸਦੇ ਸੋਸ਼ਲ ਮੀਡੀਆ ਫਾਲੋਅਰਾਂ ਦੀ ਗਿਣਤੀ ਨੂੰ ਤਰਜੀਹ ਦਿੰਦੇ ਹਨ।ਇਸ ਦੇ ਬਾਵਜੂਦ ਕਈ ਡਿਜ਼ੀਟਲ ਪਲੇਟਫਾਰਮ ਸੰਚਾਲਕਾਂ ਦਾ ਦਾਅਵਾ ਹੈ ਕਿ ਇਮਾਨਦਾਰ ਅਤੇ ਨਿਰਪੱਖ ਪੱਤਰਕਾਰਤਾ ਡਿਜ਼ੀਟਲ ਮੀਡੀਆ ਰਾਹੀਂ ਵੀ ਸੰਭਵ ਹੈ ਅਤੇ ਇਸ ਵਿੱਚ ਆਰਥਿਕ ਤੌਰ ’ਤੇ ਕਾਮਯਾਬ ਹੋਣ ਦੇ ਵੀ ਵੱਡੇ ਮੌਕੇ ਹਨ।
















