ਪ੍ਰਧਾਨ ਮੰਤਰੀ ਮੋਦੀ ਨੇ ਰਾਧਾਕ੍ਰਿਸ਼ਨਨ ਨੂੰ ਉਪ-ਰਾਸ਼ਟਰਪਤੀ ਵਜੋਂ ਸਰਬਸੰਮਤੀ ਨਾਲ ਚੁਣਨ ਦੀ ਅਪੀਲ ਕੀਤੀ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਥੇ ਸੰਸਦ ਭਵਨ ਕੰਪਲੈਕਸ ਵਿੱਚ ਹੋਈ ਗੱਠਜੋੜ ਦੀ ਸੰਸਦੀ ਪਾਰਟੀ ਦੀ ਮੀਟਿੰਗ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਅਤੇ ਸੱਤਾਧਾਰੀ ਰਾਸ਼ਟਰੀ ਲੋਕਤੰਤਰੀ ਗੱਠਜੋੜ ਦੇ ਉਪ-ਰਾਸ਼ਟਰਪਤੀ ਚੋਣ ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਵਧਾਈ ਦਿੱਤੀ। ਜਾਣਕਾਰੀ ਮੁਤਾਬਕ ਦੇਸ਼ ਦੇ ਦੂਜੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਲਈ 9 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੋਈ ਮੀਟਿੰਗ ਵਿੱਚ ਸਾਰੇ ਐਨਡੀਏ ਗੱਠਜੋੜ ਭਾਈਵਾਲਾਂ ਦੇ ਫਲੋਰ ਲੀਡਰ, ਭਾਜਪਾ ਸੰਸਦ ਮੈਂਬਰਾਂ ਅਤੇ ਹੋਰ ਐਨਡੀਏ ਭਾਈਵਾਲਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਰਾਧਾਕ੍ਰਿਸ਼ਨਨ ਦੀ ਜਾਣ-ਪਛਾਣ ਕਰਵਾਈ, ਸਮਾਜ ਸੇਵਾ ਲਈ ਸਮਰਪਿਤ ਉਨ੍ਹਾਂ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਅਤੇ ਮੈਂਬਰਾਂ ਨੂੰ ਦੇਸ਼ ਦੇ 15ਵੇਂ ਉਪ-ਰਾਸ਼ਟਰਪਤੀ ਨੂੰ ਸਰਬਸੰਮਤੀ ਨਾਲ ਚੁਣਨ ਲਈ ਪੱਖਪਾਤੀ ਲੀਹਾਂ ਤੋਂ ਉੱਪਰ ਉੱਠਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਸੱਤਾਧਾਰੀ ਗੱਠਜੋੜ ਦੇ ਸੀਨੀਅਰ ਮੰਤਰੀ ਵੀ ਮੌਜੂਦ ਸਨ - ਜੋ ਰਾਧਾਕ੍ਰਿਸ਼ਨਨ ਦੀ ਉਮੀਦਵਾਰੀ ਦੇ ਆਲੇ-ਦੁਆਲੇ ਸਹਿਮਤੀ ਬਣਾਉਣ ਲਈ ਸਾਰੀਆਂ ਪਾਰਟੀਆਂ ਤੱਕ ਪਹੁੰਚ ਕਰ ਰਹੇ ਹਨ । ਐਨਡੀਏ ਆਗੂਆਂ ਨੇ ਸਾਰੇ ਭਾਈਵਾਲਾਂ ਨਾਲ ਮੀਟਿੰਗ ਵਿੱਚ ਸੀਪੀ ਰਾਧਾਕ੍ਰਿਸ਼ਨਨ ਦਾ ਸਵਾਗਤ ਕੀਤਾ, ਉਨ੍ਹਾਂ ਨੂੰ ਚੁਣਨ ਲਈ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ। ਦੱਸ ਦਈਏ ਕਿ ਰਾਧਾਕ੍ਰਿਸ਼ਨਨ ਬੁੱਧਵਾਰ ਨੂੰ ਆਪਣੀ ਨਾਮਜ਼ਦਗੀ ਦਾਖਲ ਕਰਨਗੇ।
















