ਪੇੱਡੀ’ ਵਿਵਾਦ ਦਰਮਿਆਨ ਕੰਗਨਾ ਰਣੌਤ ਦਾ ਬਿਆਨ, ਕਿਹਾ- “ਔਰਤਾਂ ਦੀ ਵਸਤੂਵਾਦੀ ਸੋਚ ਹਰ ਥਾਂ ਮੌਜੂਦ”
ਮੁੰਬਈ- ਫਿਲਮ ‘ਪੇੱਡੀ’ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਔਰਤਾਂ ਦੀ ਪੇਸ਼ਕਾਰੀ ਅਤੇ ਮਨੋਰੰਜਨ ਉਦਯੋਗ ਵਿੱਚ ਵਧ ਰਹੀ ਟ੍ਰੋਲਿੰਗ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਕਿਹਾ ਕਿ ਔਰਤਾਂ ਨਾਲ ਵਸਤੂ ਵਾਂਗ ਵਰਤਾਅ ਸਿਰਫ਼ ਫਿਲਮਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜ ਦੇ ਹਰ ਪੱਧਰ ’ਤੇ ਇਹ ਸਮੱਸਿਆ ਮੌਜੂਦ ਹੈ।ਆਪਣੀ ਆਉਣ ਵਾਲੀ ਫਿਲਮ ‘ਭਾਰਤ ਭਾਗਿਆ ਵਿਧਾਤਾ’ ਦੇ ਪ੍ਰਚਾਰ ਦੌਰਾਨ ਕੰਗਨਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ “ਜੇ ਤੁਸੀਂ ਲੋਕਲ ਟ੍ਰੇਨ ਜਾਂ ਬੱਸ ਵਿੱਚ ਵੀ ਜਾਓ ਤਾਂ ਉੱਥੇ ਵੀ ਔਰਤਾਂ ਨਾਲ ਧੱਕਾ-ਮੁੱਕੀ ਅਤੇ ਗਲਤ ਵਰਤਾਅ ਹੁੰਦਾ ਹੈ। ਇਸ ਲਈ ਸਿਰਫ਼ ਫਿਲਮਾਂ ਨੂੰ ਦੋਸ਼ ਦੇਣਾ ਠੀਕ ਨਹੀਂ।”
ਹਾਲਾਂਕਿ ਕੰਗਨਾ ਨੇ ਇਹ ਵੀ ਮੰਨਿਆ ਕਿ ਸਿਨੇਮਾ ਨੇ ਲੰਮੇ ਸਮੇਂ ਤੱਕ ਔਰਤਾਂ ਨੂੰ ਕਠੋਰ ਅਤੇ ਗਲਤ ਨਜ਼ਰੀਏ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ਦੇ ਕਈ ਆਈਟਮ ਗੀਤ ਅਤੇ ਦ੍ਰਿਸ਼ ਔਰਤਾਂ ਦੀ ਅਪਮਾਨਜਨਕ ਪੇਸ਼ਕਾਰੀ ਨੂੰ ਦਰਸਾਉਂਦੇ ਸਨ।ਕੰਗਨਾ ਨੇ ਕਿਹਾ ਕਿ ਕਈ ਵਾਰ “ਆਕਰਸ਼ਣ, ਅਸ਼ਲੀਲਤਾ ਅਤੇ ਔਰਤਾਂ ਨਾਲ ਅਨਿਆਇ” ਵਿਚਕਾਰ ਦੀ ਲਕੀਰ ਧੁੰਦਲੀ ਹੋ ਜਾਂਦੀ ਹੈ। ਉਨ੍ਹਾਂ ਦੇ ਅਨੁਸਾਰ ਮਨੋਰੰਜਨ ਦੀ ਦੁਨੀਆ ਦਾ ਸੁਭਾਵ ਹੀ ਕੁਝ ਅਜਿਹਾ ਹੈ ਜਿੱਥੇ ਇਹ ਹੱਦਾਂ ਕਈ ਵਾਰ ਜਾਣ-ਬੁੱਝ ਕੇ ਜਾਂ ਅਣਜਾਣੇ ਵਿੱਚ ਪਾਰ ਹੋ ਜਾਂਦੀਆਂ ਹਨ।
ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਹੋ ਰਹੀ ਬੇਹਿਸਾਬ ਟ੍ਰੋਲਿੰਗ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਹਰ ਚੀਜ਼ ਨੂੰ ਬਿਨਾਂ ਸੰਦਰਭ ਸਮਝੇ ਟ੍ਰੋਲ ਕਰਨਾ ਠੀਕ ਨਹੀਂ। “ਕਈ ਵਾਰ ਕਿਸੇ ਦ੍ਰਿਸ਼ ਜਾਂ ਕਹਾਣੀ ਦਾ ਪਲਾਟ ਨਾਲ ਸੰਬੰਧ ਹੁੰਦਾ ਹੈ, ਪਰ ਲੋਕ ਬਿਨਾਂ ਸਮਝੇ ਸਿਰਫ਼ ਟ੍ਰੋਲਿੰਗ ਕਰਦੇ ਹਨ,” ਉਨ੍ਹਾਂ ਕਿਹਾ।‘ਪੇੱਡੀ’ ਫਿਲਮ ਵਿੱਚ ਜਾਨਵੀ ਕਪੂਰ ਦੇ ਕਿਰਦਾਰ ਅਚਿਆੰਮਾ ਦੀ ਪੇਸ਼ਕਾਰੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵਿਵਾਦ ਛਿੜਿਆ ਹੋਇਆ ਹੈ। ਖ਼ਾਸ ਤੌਰ ’ਤੇ ਉਸਦੇ ਇੰਟਰੋਡਕਸ਼ਨ ਸੀਨ ਅਤੇ ਕੁਝ ਰੋਮਾਂਟਿਕ ਦ੍ਰਿਸ਼ਾਂ ਨੂੰ ਲੈ ਕੇ ਆਲੋਚਨਾ ਕੀਤੀ ਜਾ ਰਹੀ ਹੈ।ਕੰਗਨਾ ਦੀ ਫਿਲਮ ‘ਭਾਰਤ ਭਾਗਿਆ ਵਿਧਾਤਾ’ 26/11 ਮੁੰਬਈ ਅੱਤਵਾਦੀ ਹਮਲਿਆਂ ਦੌਰਾਨ ਕਾਮਾ ਹਸਪਤਾਲ ਦੀਆਂ ਨਰਸਾਂ ਦੀ ਭੂਮਿਕਾ ’ਤੇ ਆਧਾਰਿਤ ਹੈ। ਇਹ ਫਿਲਮ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
















