ਚੀਨੀ ਰਾਜਦੂਤ ਵਾਂਗ ਡੀ ਦੀ ਕੈਨੇਡਾ ਨੂੰ ਅਪੀਲ: ਬੀਜਿੰਗ ਸਮਝੌਤਿਆਂ ਨੂੰ ਜਲਦੀ ਅਮਲ ਵਿੱਚ ਲਿਆਉ
ਓਟਵਾ-ਕੈਨੇਡਾ ਵਿੱਚ ਚੀਨ ਦੇ ਰਾਜਦੂਤ ਵਾਂਗ ਡੀ ਨੇ ਕੈਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪਿਛਲੇ ਹਫ਼ਤੇ ਹੋਈ ਬੀਜਿੰਗ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤਿਆਂ ਨੂੰ ਜਲਦੀ ਤੋਂ ਜਲਦੀ ਅਮਲ ਵਿੱਚ ਲਿਆਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਦੋਵੇਂ ਪੱਖ ਸੱਚੀ ਨੀਅਤ ਅਤੇ ਆਪਸੀ ਭਰੋਸੇ ਨਾਲ ਅੱਗੇ ਵਧਣ, ਤਾਂ ਇਨ੍ਹਾਂ ਫੈਸਲਿਆਂ ਨੂੰ ਹਕੀਕਤ ਦਾ ਰੂਪ ਦੇਣਾ ਮੁਸ਼ਕਲ ਨਹੀਂ ਹੋਵੇਗਾ।
ਰਾਜਦੂਤ ਵਾਂਗ ਡੀ ਨੇ ਕਿਹਾ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਦੋਵੇਂ ਦੇਸ਼ ਆਪਣੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਣ ਅਤੇ ਨੇਤਾਵਾਂ ਵੱਲੋਂ ਤੈਅ ਕੀਤੀ ਗਈ ਦਿਸ਼ਾ ਅਨੁਸਾਰ ਤੇਜ਼ੀ ਨਾਲ ਅੱਗੇ ਵਧਣ। ਉਨ੍ਹਾਂ ਦੱਸਿਆ ਕਿ ਬੀਜਿੰਗ ਦੌਰੇ ਸਮੇਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਰਮਿਆਨ ਟੈਰਿਫ਼ ਵਿਵਾਦ ਨੂੰ ਸੁਲਝਾਉਣ ਬਾਰੇ ਸਹਿਮਤੀ ਬਣੀ ਸੀ, ਜਿਸ ਨਾਲ ਕੈਨੇਡਾ ਦੇ ਖੇਤੀਬਾੜੀ ਉਤਪਾਦਾਂ ’ਤੇ ਲੱਗੀਆਂ ਚੀਨੀ ਡਿਊਟੀਆਂ ਘਟਣ ਦਾ ਰਾਹ ਖੁੱਲ੍ਹ ਸਕਦਾ ਹੈ।
ਰਾਜਦੂਤ ਨੇ ਕਿਹਾ ਕਿ ਦੋਨਾਂ ਦੇਸ਼ਾਂ ਨੇ ਵਿੱਤ, ਲੱਕੜ, ਤੇਲ, ਹਰੀ ਤਕਨਾਲੋਜੀ ਅਤੇ ਸੈਰ-ਸਪਾਟਾ ਵਰਗੇ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਕਈ ਸਮਝੌਤੇ ਸਾਈਨ ਕੀਤੇ ਹਨ। ਉਨ੍ਹਾਂ ਅਨੁਸਾਰ, ਇਨ੍ਹਾਂ ਸਮਝੌਤਿਆਂ ਨਾਲ ਦੋਵੇਂ ਪੱਖਾਂ ਦੇ ਸਰਕਾਰੀ ਵਿਭਾਗਾਂ ਵਿਚਕਾਰ ਸੰਪਰਕ ਮਜ਼ਬੂਤ ਹੋਵੇਗਾ ਅਤੇ ਤਰਜੀਹੀ ਖੇਤਰਾਂ ਵਿੱਚ ਕੰਮਕਾਜ ਤੇਜ਼ੀ ਨਾਲ ਅੱਗੇ ਵਧੇਗਾ।
















