ਕੈਲੋਨਾ ਵਿੱਚ ਟੈਕਸ ਅਤੇ ਨਗਰ ਨਿਗਮ ਦਾ ਢਾਂਚਾ ਆਬਾਦੀ ਅਤੇ ਕਾਰੋਬਾਰਾਂ ਨਾਲੋਂ ਤੇਜ਼ੀ ਨਾਲ ਵਧਿਆ
ਕੈਲੋਨਾ-ਕੈਨੇਡਾ ਦੇ ਸ਼ਹਿਰ ਕੈਲੋਨਾ ਵਿੱਚ ਨਗਰ ਨਿਗਮ ਦੇ ਕਰਮਚਾਰੀਆਂ ਦੀ ਗਿਣਤੀ ਅਤੇ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜੋ ਸ਼ਹਿਰ ਦੀ ਆਬਾਦੀ ਅਤੇ ਕਾਰੋਬਾਰਾਂ ਦੇ ਵਾਧੇ ਨਾਲੋਂ ਕਾਫੀ ਤੇਜ਼ ਹੈ।ਸ਼ਹਿਰ ਦੀ 2025 ਸਾਲਾਨਾ ਰਿਪੋਰਟ ਅਨੁਸਾਰ 2021 ਤੋਂ 2025 ਤੱਕ ਫੁੱਲ-ਟਾਈਮ ਨਗਰ ਨਿਗਮ ਕਰਮਚਾਰੀਆਂ ਦੀ ਗਿਣਤੀ 1,019 ਤੋਂ ਵਧ ਕੇ 1,341 ਹੋ ਗਈ, ਜੋ ਲਗਭਗ 32 ਫੀਸਦੀ ਵਾਧਾ ਹੈ।ਇਸੇ ਸਮੇਂ ਦੌਰਾਨ ਨਗਰ ਨਿਗਮ ਨੂੰ ਮਿਲਣ ਵਾਲਾ ਟੈਕਸ ਰੇਵਿਨਿਊ 167 ਮਿਲੀਅਨ ਡਾਲਰ ਤੋਂ ਵਧ ਕੇ 211 ਮਿਲੀਅਨ ਡਾਲਰ ਤੱਕ ਪਹੁੰਚ ਗਿਆ, ਜਿਸ ਵਿੱਚ 26 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਦੂਜੇ ਪਾਸੇ, ਕੈਲੋਨਾ ਦੀ ਆਬਾਦੀ 151,000 ਤੋਂ ਵਧ ਕੇ 170,000 ਹੋਈ, ਜੋ ਸਿਰਫ਼ 13 ਫੀਸਦੀ ਵਾਧਾ ਹੈ। ਇਸੇ ਤਰ੍ਹਾਂ ਕਾਰੋਬਾਰੀ ਲਾਇਸੰਸਾਂ ਦੀ ਗਿਣਤੀ ਵੀ 11,025 ਤੋਂ ਵਧ ਕੇ 11,952 ਤੱਕ ਪਹੁੰਚੀ, ਜਿਸ ਵਿੱਚ ਕੇਵਲ 8 ਫੀਸਦੀ ਵਾਧਾ ਦਰਜ ਹੋਇਆ।ਰਿਪੋਰਟ ਮੁਤਾਬਕ 2021 ਤੋਂ 2024 ਤੱਕ ਸ਼ਹਿਰ ਦੀ ਬੇਰੁਜ਼ਗਾਰੀ ਦਰ ਔਸਤ 4.8 ਫੀਸਦੀ ਰਹੀ, ਪਰ ਪਿਛਲੇ ਸਾਲ ਇਹ ਵਧ ਕੇ 6.3 ਫੀਸਦੀ ਹੋ ਗਈ।ਘਰਾਂ ਦੀ ਉਸਾਰੀ ਵਿੱਚ ਵੀ ਕਮੀ ਵੇਖਣ ਨੂੰ ਮਿਲੀ ਹੈ। ਸਾਲ 2023 ਵਿੱਚ ਕੈਲੋਨਾ ਵਿੱਚ 4,000 ਤੋਂ ਵੱਧ ਨਵੇਂ ਘਰ ਬਣੇ ਸਨ, ਜਦਕਿ 2024 ਵਿੱਚ ਇਹ ਗਿਣਤੀ ਘਟ ਕੇ 1,599 ਅਤੇ ਪਿਛਲੇ ਸਾਲ 1,782 ਰਹਿ ਗਈ।
ਕੈਲੋਨਾ ਦੇ ਮੇਅਰ ਟੌਮ ਡਿਆਸ ਨੇ ਰਿਪੋਰਟ ਵਿੱਚ ਕਿਹਾ ਕਿ ਸ਼ਹਿਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਇਸ ਨਾਲ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਵਿੱਚ ਵੱਡੇ ਨਿਵੇਸ਼ ਦੀ ਲੋੜ ਵੀ ਵਧੀ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਨੇ 2023 ਦੇ ਮੁਕਾਬਲੇ ਪੂੰਜੀ ਨਿਵੇਸ਼ ਦਾ ਪੱਧਰ ਦੋਗੁਣਾ ਕਰ ਦਿੱਤਾ ਹੈ। ਇਹ ਨਿਵੇਸ਼ ਆਵਾਜਾਈ, ਟਰਾਂਜ਼ਿਟ, ਪਾਰਕਾਂ, ਸਿਵਿਕ ਇਮਾਰਤਾਂ, ਏਅਰਪੋਰਟ ਅਤੇ ਪਾਣੀ ਦੇ ਬੁਨਿਆਦੀ ਢਾਂਚੇ ਵਰਗੇ ਪ੍ਰੋਜੈਕਟਾਂ ’ਤੇ ਕੀਤਾ ਜਾ ਰਿਹਾ ਹੈ।ਮੇਅਰ ਨੇ ਕਿਹਾ ਕਿ ਇਹ ਲੰਬੇ ਸਮੇਂ ਲਈ ਕੀਤੇ ਜਾ ਰਹੇ ਨਿਵੇਸ਼ ਹਨ, ਜੋ ਆਉਣ ਵਾਲੀਆਂ ਦਹਾਕਿਆਂ ਤੱਕ ਸ਼ਹਿਰ ਦੇ ਵਿਕਾਸ ਨੂੰ ਪ੍ਰਭਾਵਿਤ ਕਰਨਗੇ।
















