ਕੈਲਗਰੀ ਲੈਂਡਫਿਲ ਦੀ ਅੱਗ ਤੋਂ ਫੈਲ ਰਹੇ ਧੂੰਏਂ ਬਾਰੇ ਹਵਾ ਗੁਣਵੱਤਾ ਦਾ ਡਾਟਾ ਜਾਰੀ ਹੋਵੇਗਾ

Alberta officials are set to release detailed air-quality data linked to smoke from a landfill fire in southeast Calgary. The fire at the ECCO Recycling landfill has been smouldering for more than a week, sending smoke into nearby neighbourhoods.

ਕੈਲਗਰੀ ਲੈਂਡਫਿਲ ਦੀ ਅੱਗ ਤੋਂ ਫੈਲ ਰਹੇ ਧੂੰਏਂ ਬਾਰੇ ਹਵਾ ਗੁਣਵੱਤਾ ਦਾ ਡਾਟਾ ਜਾਰੀ ਹੋਵੇਗਾ

ਕੈਲਗਰੀ: ਦੱਖਣੀ ਕੈਲਗਰੀ ਵਿੱਚ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਸੜ ਰਹੀ ਲੈਂਡਫਿਲ ਦੀ ਅੱਗ ਕਾਰਨ ਫੈਲ ਰਹੇ ਧੂੰਏਂ ਬਾਰੇ ਅਲਬਰਟਾ ਸਰਕਾਰ ਵੱਲੋਂ ਹਵਾ ਗੁਣਵੱਤਾ ਨਾਲ ਸਬੰਧਤ ਵਿਸਥਾਰਪੂਰਵਕ ਡਾਟਾ ਜਨਤਕ ਕੀਤਾ ਜਾਵੇਗਾ। ਦੱਖਣ-ਪੂਰਬੀ ਕੈਲਗਰੀ ਸਥਿਤ ਈਕੋ ਰੀਸਾਈਕਲਿੰਗ ਲੈਂਡਫਿਲ ਵਿੱਚ ਪਏ ਸਮਾਨ ਦੇ ਢੇਰਾਂ ਅੰਦਰ ਅੱਗ ਹਾਲੇ ਵੀ ਸੁਲਗ ਰਹੀ ਹੈ। ਇਸ ਕਾਰਨ ਧੂੰਆਂ ਨੇੜਲੇ ਰਿਹਾਇਸ਼ੀ ਇਲਾਕਿਆਂ ਵੱਲ ਫੈਲ ਰਿਹਾ ਹੈ ਅਤੇ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ।ਕੈਲਗਰੀ ਦੇ ਮੇਅਰ ਜੈਰੋਮੀ ਫਾਰਕਸ ਅਤੇ ਵਾਰਡ 11 ਦੇ ਕੌਂਸਲਰ ਰੌਬ ਵਾਰਡ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਹਵਾ ਗੁਣਵੱਤਾ ਨਾਲ ਸਬੰਧਤ ਵਿਸਥਾਰਪੂਰਵਕ ਡਾਟਾ ਜਨਤਕ ਕਰਨ ਦੀ ਮੰਗ ਕੀਤੀ ਸੀ।

ਅਲਬਰਟਾ ਦੇ ਵਾਤਾਵਰਣ ਮੰਤਰੀ ਗ੍ਰਾਂਟ ਹੰਟਰ ਦੇ ਦਫ਼ਤਰ ਨੇ ਸੋਮਵਾਰ ਨੂੰ ਕਿਹਾ ਕਿ ਇਹ ਡਾਟਾ ਜਿੰਨੀ ਜਲਦੀ ਸੰਭਵ ਹੋਵੇਗਾ ਜਨਤਕ ਕੀਤਾ ਜਾਵੇਗਾ।ਅਕਾਡੀਆ ਇਲਾਕੇ ਵਿੱਚ ਰਹਿਣ ਵਾਲੇ ਬ੍ਰੈਟ ਪੋਲੈਂਡ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਆਪਣੀ ਇੱਕ ਸਾਲ ਦੀ ਧੀ ਨੂੰ ਹਸਪਤਾਲ ਲੈ ਕੇ ਗਏ, ਕਿਉਂਕਿ ਉਸਦੀ ਦਮੇ ਦੀ ਸਮੱਸਿਆ ਵਧ ਗਈ ਸੀ। ਹਾਲਾਂਕਿ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਦਮੇ ਦੀ ਸਮੱਸਿਆ ਧੂੰਏਂ ਕਾਰਨ ਹੋਈ ਹੈ।ਪੋਲੈਂਡ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਸੜੇ ਹੋਏ ਪਲਾਸਟਿਕ ਦੀ ਬਦਬੂ ਆ ਰਹੀ ਹੈ, ਭਾਵੇਂ ਕਈ ਵਾਰ ਧੂੰਆਂ ਸਾਫ਼ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੇ ਹਵਾ ਸਾਫ਼ ਕਰਨ ਵਾਲੀਆਂ ਮਸ਼ੀਨਾਂ ’ਤੇ ਲਗਭਗ 1,000 ਡਾਲਰ ਖਰਚ ਕੀਤੇ ਹਨ।

ਉਨ੍ਹਾਂ ਮੁਤਾਬਕ ਹਸਪਤਾਲ ਦੇ ਡਾਕਟਰ ਨੇ ਸੰਭਵ ਹੋਵੇ ਤਾਂ ਇਲਾਕੇ ਤੋਂ ਦੂਰ ਜਾਣ ਦੀ ਸਲਾਹ ਦਿੱਤੀ ਹੈ। ਪਰਿਵਾਰ ਓਕੋਟੋਕਸ ਵਿੱਚ ਰਹਿਣ ਲਈ ਜਾਣ ਬਾਰੇ ਵੀ ਵਿਚਾਰ ਕਰ ਰਿਹਾ ਹੈ।ਫਾਇਰ ਵਿਭਾਗ ਨੇ ਦੱਸਿਆ ਕਿ ਉਸਨੂੰ 6 ਸਤੰਬਰ ਨੂੰ ਅੱਗ ਬਾਰੇ ਸੂਚਨਾ ਮਿਲੀ ਸੀ ਅਤੇ ਅਗਲੇ ਦਿਨ ਅੱਗ ਨੂੰ ਕਾਬੂ ਵਿੱਚ ਕਰ ਲਿਆ ਗਿਆ ਸੀ।ਵਿਭਾਗ ਨੇ ਸ਼ੁੱਕਰਵਾਰ ਨੂੰ ਸਿਹਤ ਸਬੰਧੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਸੀ ਕਿ ਧੂੰਏਂ ਕਾਰਨ ਅੱਖਾਂ, ਨੱਕ ਅਤੇ ਗਲੇ ਵਿੱਚ ਜਲਣ, ਖੰਘ ਅਤੇ ਸਿਰਦਰਦ ਹੋ ਸਕਦਾ ਹੈ।ਐਤਵਾਰ ਨੂੰ ਵਿਭਾਗ ਨੇ ਕਿਹਾ ਕਿ ਅੱਗ ਲੈਂਡਫਿਲ ਵਿੱਚ ਮੌਜੂਦ ਸਮੱਗਰੀ ਦੇ ਅੰਦਰ ਡੂੰਘਾਈ ਵਿੱਚ ਸੁਲਗ ਰਹੀ ਹੈ ਅਤੇ ਹਾਲੇ ਇਹ ਸਪੱਸ਼ਟ ਨਹੀਂ ਕਿ ਅੰਦਰ ਕੀ ਸੜ ਰਿਹਾ ਹੈ। ਅੱਗ ਬੁਝਾਉਣ ਲਈ ਸੜ ਰਹੀ ਸਮੱਗਰੀ ਨੂੰ ਮਿੱਟੀ ਅਤੇ ਪਾਣੀ ਨਾਲ ਢੱਕਿਆ ਜਾ ਰਿਹਾ ਹੈ।ਫਾਇਰ ਵਿਭਾਗ ਮੁਤਾਬਕ ਲੈਂਡਫਿਲ ਦੀਆਂ ਅੱਗਾਂ ਨੂੰ ਪੂਰੀ ਤਰ੍ਹਾਂ ਬੁਝਾਉਣ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ।