ਕੈਨੇਡਾ ਸਰਕਾਰ ਨੇ ਆਨਲਾਈਨ ਪਾਸਪੋਰਟ ਰਿਨਿਊ ਕਰਵਾਉਣ ਦੀ ਰੋਜ਼ਾਨਾ ਹੱਦ ਹਟਾਈ

ਕੈਨੇਡਾ ਸਰਕਾਰ ਨੇ ਆਨਲਾਈਨ ਪਾਸਪੋਰਟ ਰਿਨਿਊ ਕਰਵਾਉਣ ਦੀ ਰੋਜ਼ਾਨਾ ਹੱਦ ਹਟਾਈ

ਕੈਨੇਡਾ-ਕੈਨੇਡਾ ਦੀ ਫੈਡਰਲ ਸਰਕਾਰ ਨੇ ਆਨਲਾਈਨ ਪਾਸਪੋਰਟ ਰਿਨਿਊ ਕਰਵਾਉਣ ਲਈ ਲਾਗੂ ਰੋਜ਼ਾਨਾ ਹੱਦ ਖਤਮ ਕਰ ਦਿੱਤੀ ਹੈ। ਇਮੀਗ੍ਰੇਸ਼ਨ ਮੰਤਰੀ ਲੇਨਾ ਡਿਆਬ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਹੁਣ ਯੋਗ ਕੈਨੇਡੀਅਨ ਨਾਗਰਿਕਾਂ ਨੂੰ ਆਨਲਾਈਨ ਅਰਜ਼ੀ ਦੇਣ ਲਈ ਆਪਣੀ ਵਾਰੀ ਦੀ ਉਡੀਕ ਨਹੀਂ ਕਰਨੀ ਪਵੇਗੀ।ਪਹਿਲਾਂ ਹਰ ਰੋਜ਼ ਵੱਧ ਤੋਂ ਵੱਧ 2,000 ਲੋਕ ਹੀ ਆਨਲਾਈਨ ਪਾਸਪੋਰਟ ਰਿਨਿਊ ਕਰਨ ਲਈ ਅਰਜ਼ੀ ਜਮ੍ਹਾਂ ਕਰਵਾ ਸਕਦੇ ਸਨ। ਹੁਣ ਇਹ ਹੱਦ ਪੂਰੀ ਤਰ੍ਹਾਂ ਹਟਾ ਦਿੱਤੀ ਗਈ ਹੈ।ਹਾਲਾਂਕਿ, ਆਨਲਾਈਨ ਰਿਨਿਊਅਲ ਦੀ ਸਹੂਲਤ ਅਜੇ ਵੀ ਉਨ੍ਹਾਂ ਯੋਗ ਵਿਅਕਤੀਆਂ ਲਈ ਹੈ ਜਿਨ੍ਹਾਂ ਦੇ ਪਾਸਪੋਰਟ ਦੀ ਮਿਆਦ ਅਗਲੇ 6 ਮਹੀਨਿਆਂ ਵਿੱਚ ਖ਼ਤਮ ਹੋਣ ਵਾਲੀ ਹੈ ਜਾਂ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ।

ਵੈਨਕੂਵਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਡਿਆਬ ਨੇ ਕਿਹਾ ਕਿ ਯੋਗ ਕੈਨੇਡੀਅਨਾਂ ਨੂੰ ਹੁਣ ਆਨਲਾਈਨ ਅਰਜ਼ੀ ਲਈ ਜਗ੍ਹਾ ਉਪਲਬਧ ਹੋਣ ਦੀ ਉਡੀਕ ਨਹੀਂ ਕਰਨੀ ਪਵੇਗੀ ਅਤੇ ਉਹ ਆਪਣੀ ਸਹੂਲਤ ਮੁਤਾਬਕ ਕਿਸੇ ਵੀ ਸਮੇਂ ਪਾਸਪੋਰਟ ਰਿਨਿਊਅਲ ਦੀ ਪ੍ਰਕਿਰਿਆ ਸ਼ੁਰੂ ਕਰ ਸਕਣਗੇ।ਆਨਲਾਈਨ ਪਾਸਪੋਰਟ ਰਿਨਿਊ ਕਰਵਾਉਣ ਲਈ ਬਿਨੈਕਾਰ ਦਾ ਕੈਨੇਡਾ ਦੇ ਅੰਦਰ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਕਮਰਸ਼ੀਅਲ ਫੋਟੋਗ੍ਰਾਫਰ ਵੱਲੋਂ ਖਿੱਚੀ ਗਈ ਡਿਜੀਟਲ ਪਾਸਪੋਰਟ ਫੋਟੋ ਵੀ ਅਪਲੋਡ ਕਰਨੀ ਪਵੇਗੀ।ਬਿਨੈਕਾਰ ਆਪਣੇ ਲੋੜੀਂਦੇ ਦਸਤਾਵੇਜ਼ ਵੀ ਡਿਜੀਟਲ ਰੂਪ ਵਿੱਚ ਆਨਲਾਈਨ ਅਪਲੋਡ ਕਰ ਸਕਦੇ ਹਨ।ਮੰਤਰੀ ਡਿਆਬ ਨੇ ਇਹ ਸੰਭਾਵਨਾ ਵੀ ਖਾਰਜ ਨਹੀਂ ਕੀਤੀ ਕਿ ਭਵਿੱਖ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕੈਨੇਡਾ ਤੋਂ ਬਾਹਰ ਰਹਿ ਰਹੇ ਕੈਨੇਡੀਅਨਾਂ ਨੂੰ ਵੀ ਆਨਲਾਈਨ ਪਾਸਪੋਰਟ ਰਿਨਿਊਅਲ ਦੀ ਸਹੂਲਤ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਇਸ ਪ੍ਰਣਾਲੀ ਦੀ ਨਿਗਰਾਨੀ ਕਰਦੀ ਰਹੇਗੀ ਅਤੇ ਲੋੜ ਮੁਤਾਬਕ ਇਸ ਵਿੱਚ ਹੋਰ ਵਰਗਾਂ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।ਜਿਹੜੇ ਲੋਕ ਆਨਲਾਈਨ ਅਰਜ਼ੀ ਨਹੀਂ ਦੇਣਾ ਚਾਹੁੰਦੇ, ਉਹ ਪਹਿਲਾਂ ਵਾਂਗ ਨਿੱਜੀ ਤੌਰ ’ਤੇ ਜਾਂ ਡਾਕ ਰਾਹੀਂ ਵੀ ਪਾਸਪੋਰਟ ਰਿਨਿਊ ਕਰਵਾ ਸਕਦੇ ਹਨ।ਆਨਲਾਈਨ ਅਰਜ਼ੀਆਂ ਦੀ ਗਿਣਤੀ ਵਧਣ ਨਾਲ ਵੈੱਬਸਾਈਟ ’ਤੇ ਵਾਧੂ ਦਬਾਅ ਪੈਣ ਅਤੇ ਸਿਸਟਮ ਦੇ ਪ੍ਰਭਾਵਿਤ ਹੋਣ ਸਬੰਧੀ ਸਵਾਲਾਂ ’ਤੇ ਮੰਤਰੀ ਡਿਆਬ ਨੇ ਕਿਹਾ ਕਿ ਸਿਸਟਮ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਇਹ ਵਧੀ ਹੋਈ ਗਿਣਤੀ ਨੂੰ ਸੰਭਾਲਣ ਲਈ ਤਿਆਰ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਤੁਰੰਤ ਪਾਸਪੋਰਟ ਦੀ ਲੋੜ ਹੋਵੇ ਤਾਂ ਨਿੱਜੀ ਤੌਰ ’ਤੇ ਅਰਜ਼ੀ ਦੇਣ ਦੀ ਸਹੂਲਤ ਹਮੇਸ਼ਾ ਉਪਲਬਧ ਹੈ, ਜਦਕਿ ਡਾਕ ਰਾਹੀਂ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ।ਆਨਲਾਈਨ ਪਾਸਪੋਰਟ ਅਰਜ਼ੀ ਦੀ ਸ਼ੁਰੂਆਤੀ ਸਹੂਲਤ ਦਸੰਬਰ 2024 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਤੋਂ ਪਹਿਲਾਂ 2023 ਵਿੱਚ ਆਨਲਾਈਨ ਅਰਜ਼ੀ ਦੀ ਸਥਿਤੀ ਪਤਾ ਕਰਨ ਲਈ ਟਰੈਕਿੰਗ ਸਿਸਟਮ ਸ਼ੁਰੂ ਕੀਤਾ ਗਿਆ ਸੀ।ਪਾਸਪੋਰਟ ਅਰਜ਼ੀਆਂ ਦੀ ਪ੍ਰਕਿਰਿਆ ਲਈ ਸਰਕਾਰ ਦਾ ਮੌਜੂਦਾ ਸੇਵਾ ਮਿਆਰ 20 ਦਿਨ ਹੈ। ਇਸ ਸਾਲ ਦੇ ਸ਼ੁਰੂ ਵਿੱਚ ਸਰਕਾਰ ਨੇ ‘30 ਦਿਨ ਜਾਂ ਫੀਸ ਵਾਪਸ’ ਨੀਤੀ ਵੀ ਲਾਗੂ ਕੀਤੀ ਸੀ। ਇਹ ਦੋਵੇਂ ਨੀਤੀਆਂ ਆਨਲਾਈਨ ਅਰਜ਼ੀਆਂ ’ਤੇ ਵੀ ਲਾਗੂ ਹੁੰਦੀਆਂ ਹਨ।ਜਿਨ੍ਹਾਂ ਕੈਨੇਡੀਅਨਾਂ ਨੂੰ 10 ਦਿਨਾਂ ਦੇ ਅੰਦਰ ਪਾਸਪੋਰਟ ਦੀ ਲੋੜ ਹੁੰਦੀ ਹੈ, ਉਨ੍ਹਾਂ ਲਈ ਚੁਣੇ ਹੋਏ ਸਰਵਿਸ ਕੈਨੇਡਾ ਕੇਂਦਰਾਂ ’ਤੇ ਤੁਰੰਤ ਸੇਵਾ ਉਪਲਬਧ ਹੈ। ਅਜਿਹੇ ਜ਼ਰੂਰੀ ਮਾਮਲਿਆਂ ਵਿੱਚ ਬਿਨੈਕਾਰਾਂ ਨੂੰ ਨਿੱਜੀ ਤੌਰ ’ਤੇ ਜਾ ਕੇ ਅਰਜ਼ੀ ਦੇਣੀ ਪਵੇਗੀ।