ਕੈਨੇਡਾ ਤੋਂ ਵੱਖ ਹੋਣਾ ਅਲਬਰਟਾ ਲਈ ਪੈ ਸਕਦਾ ਹੈ ਮਹਿੰਗਾ

A new Canada West Foundation report says Alberta could face more than $200 billion in initial costs if it separates from Canada and becomes an independent country. The report also estimates that annual additional costs could exceed $50 billion, while Alberta’s per-capita debt could rise from about $27,000 to $80,000–$95,000.

ਕੈਨੇਡਾ ਤੋਂ ਵੱਖ ਹੋਣਾ ਅਲਬਰਟਾ ਲਈ ਪੈ ਸਕਦਾ ਹੈ ਮਹਿੰਗਾ

ਕੈਲਗਰੀ-ਕੈਨੇਡਾ ਤੋਂ ਅਲਬਰਟਾ ਦੇ ਵੱਖ ਹੋਣ ਦੀ ਮੰਗ ਵਿਚਕਾਰ ਕੈਲਗਰੀ ਸਥਿਤ ਕੈਨੇਡਾ ਵੈਸਟ ਫਾਊਂਡੇਸ਼ਨ ਦੀ ਨਵੀਂ ਰਿਪੋਰਟ ਨੇ ਸੂਬੇ ਦੇ ਆਰਥਿਕ ਭਵਿੱਖ ਨੂੰ ਲੈ ਕੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਰਿਪੋਰਟ ਮੁਤਾਬਕ ਅਲਬਰਟਾ ਨੂੰ ਇੱਕ ਸੁਤੰਤਰ ਦੇਸ਼ ਵਜੋਂ ਸਥਾਪਿਤ ਕਰਨ ਲਈ 200 ਅਰਬ ਡਾਲਰ ਤੋਂ ਵੱਧ ਦੀ ਲਾਗਤ ਆ ਸਕਦੀ ਹੈ, ਜਦਕਿ ਇਸ ਤੋਂ ਬਾਅਦ ਹਰ ਸਾਲ 50 ਅਰਬ ਡਾਲਰ ਤੋਂ ਵੱਧ ਦੇ ਵਾਧੂ ਖਰਚੇ ਪੈ ਸਕਦੇ ਹਨ।‘Alberta in Confederation’ ਨਾਮੀ ਇਸ ਰਿਪੋਰਟ ਵਿੱਚ ਸੰਵਿਧਾਨਕ ਗੱਲਬਾਤ, ਮੂਲ ਨਿਵਾਸੀ ਲੋਕਾਂ ਦੇ ਅਧਿਕਾਰ, ਵਪਾਰਕ ਪਹੁੰਚ, ਕਾਮਿਆਂ ਦੀ ਉਪਲਬਧਤਾ ਅਤੇ ਕਰਜ਼ੇ ਸਮੇਤ ਵੱਖ-ਵੱਖ ਮੁੱਦਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।

ਰਿਪੋਰਟ ਤਿਆਰ ਕਰਨ ਵਾਲਿਆਂ ਵਿੱਚ ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਵਿਧਾਇਕ ਟੈਡ ਮੋਰਟਨ ਅਤੇ ਬਿਜ਼ਨਸ ਕੌਂਸਲ ਆਫ ਅਲਬਰਟਾ ਦੇ ਪ੍ਰਧਾਨ ਐਡਮ ਲੈਗੇ ਵੀ ਸ਼ਾਮਲ ਹਨ।ਕੈਨੇਡਾ ਵੈਸਟ ਫਾਊਂਡੇਸ਼ਨ ਦੇ ਪ੍ਰਧਾਨ ਗੈਰੀ ਮਾਰ ਨੇ ਕਿਹਾ ਕਿ ਰਿਪੋਰਟ ਦਾ ਮਕਸਦ ਵੱਖ ਹੋਣ ਦੀ ਬਹਿਸ ਨੂੰ ਖਤਮ ਕਰਨਾ ਨਹੀਂ, ਸਗੋਂ ਵੋਟਰਾਂ ਨੂੰ ਸੰਭਾਵਿਤ ਨਤੀਜਿਆਂ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਮੁਤਾਬਕ ਅਲਬਰਟਾ ਦੀ ਵੱਖਰੀ ਆਰਥਿਕਤਾ ਦਾ ਭਵਿੱਖ ਕਾਫ਼ੀ ‘ਅਨਿਸ਼ਚਿਤ’ ਹੋ ਸਕਦਾ ਹੈ।ਰਿਪੋਰਟ ਵਿੱਚ ਸਾਬਕਾ ਟ੍ਰੇਜ਼ਰੀ ਬੋਰਡ ਸੀਨੀਅਰ ਮੈਨੇਜਰ ਲੈਨੀ ਕੈਪਲਨ ਦੇ ਅੰਦਾਜ਼ੇ ਮੁਤਾਬਕ ਸੁਤੰਤਰ ਅਲਬਰਟਾ ਕਾਇਮ ਕਰਨ ਦੀ ਸ਼ੁਰੂਆਤੀ ਲਾਗਤ 200 ਅਰਬ ਡਾਲਰ ਤੋਂ ਵੱਧ ਹੋ ਸਕਦੀ ਹੈ।

ਇਸ ਵਿੱਚ ਕੈਨੇਡਾ ਦੇ ਸੰਘੀ ਕਰਜ਼ੇ ਵਿੱਚ ਅਲਬਰਟਾ ਦਾ ਹਿੱਸਾ ਸੰਭਾਲਣਾ, ਕਰਜ਼ੇ ਦੀ ਸਾਲਾਨਾ ਅਦਾਇਗੀ, ਨਵੇਂ ਵਪਾਰਕ ਸਮਝੌਤੇ ਕਰਨਾ ਅਤੇ ਸਿਹਤ ਸੰਭਾਲ ਤੇ ਬੱਚਿਆਂ ਦੀ ਦੇਖਭਾਲ ਵਰਗੀਆਂ ਸੇਵਾਵਾਂ ਲਈ ਮਿਲਣ ਵਾਲੇ ਸੰਘੀ ਫੰਡਾਂ ਦੀ ਥਾਂ ਖੁਦ ਖਰਚਾ ਚੁੱਕਣਾ ਸ਼ਾਮਲ ਹੈ।ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਵੱਖ ਹੋਣ ਨਾਲ ਅਲਬਰਟਾ ਦੀ ਆਰਥਿਕਤਾ ਸੁੰਗੜ ਸਕਦੀ ਹੈ, ਰੁਜ਼ਗਾਰ ਦੇ ਮੌਕੇ ਘਟ ਸਕਦੇ ਹਨ, ਵਿਆਜ ਦਰਾਂ ਵਧ ਸਕਦੀਆਂ ਹਨ ਅਤੇ ਨਿਵੇਸ਼ਕ ਸੂਬੇ ਤੋਂ ਦੂਰ ਹੋ ਸਕਦੇ ਹਨ।

ਰਿਪੋਰਟ ਮੁਤਾਬਕ ਵੱਖ ਹੋਣ ਤੋਂ ਬਾਅਦ ਅਲਬਰਟਾ ਦਾ ਪ੍ਰਤੀ ਵਿਅਕਤੀ ਕਰਜ਼ਾ 80,000 ਤੋਂ 95,000 ਡਾਲਰ ਤੱਕ ਪਹੁੰਚ ਸਕਦਾ ਹੈ। 2024 ਵਿੱਚ ਇਹ ਅੰਕੜਾ ਲਗਭਗ 27,000 ਡਾਲਰ ਪ੍ਰਤੀ ਵਿਅਕਤੀ ਸੀ।ਇਸ ਦੇ ਨਾਲ ਮੁਦਰਾ ਨੂੰ ਲੈ ਕੇ ਵੀ ਵੱਡੇ ਸਵਾਲ ਖੜ੍ਹੇ ਹੋ ਸਕਦੇ ਹਨ। ਜੇਕਰ ਅਲਬਰਟਾ ਅਮਰੀਕੀ ਡਾਲਰ ਅਪਣਾਉਂਦਾ ਹੈ ਤਾਂ ਉਸ ਦੀ ਮੁਦਰਾ ਨੀਤੀ ’ਤੇ ਪ੍ਰਭਾਵ ਘੱਟ ਹੋਵੇਗਾ। ਦੂਜੇ ਪਾਸੇ, ਜੇਕਰ ਕੈਨੇਡੀਅਨ ਡਾਲਰ ਦੀ ਵਰਤੋਂ ਜਾਰੀ ਰੱਖੀ ਜਾਂਦੀ ਹੈ ਤਾਂ ਵੀ ਅਲਬਰਟਾ ਨੂੰ ਕੈਨੇਡਾ ਦੀ ਸੰਘੀ ਪ੍ਰਣਾਲੀ ਤੋਂ ਬਾਹਰ ਰਹਿੰਦੇ ਹੋਏ ਕਈ ਮੁਦਰਾ ਸੰਬੰਧੀ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਅਲਬਰਟਾ ਸਰਕਾਰ ਵੀ ਵੱਖ ਹੋਣ ਦੀ ਸੰਭਾਵਿਤ ਲਾਗਤ ਬਾਰੇ ਆਪਣੀ ਰਿਪੋਰਟ ਤਿਆਰ ਕਰ ਰਹੀ ਹੈ। ਪ੍ਰੀਮੀਅਰ ਡੈਨੀਅਲ ਸਮਿਥ ਨੇ ਇਸ ਤੋਂ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ ਕੁੱਲ ਲਾਗਤ 400 ਅਰਬ ਡਾਲਰ ਤੱਕ ਹੋ ਸਕਦੀ ਹੈ।ਵੱਖ ਹੋਣ ਦੀ ਹਮਾਇਤ ਕਰਨ ਵਾਲੀ ‘Let Alberta Decide’ ਮੁਹਿੰਮ ਦੇ ਸਹਿ-ਮੁਖੀ ਕੀਥ ਵਿਲਸਨ ਨੇ ਰਿਪੋਰਟ ਦੀ ਆਲੋਚਨਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਰਿਪੋਰਟ ਵਿੱਚ ਦਰਸਾਈਆਂ ਕਈ ਚੁਣੌਤੀਆਂ ਉਹਨਾਂ ਦੀ ਆਪਣੀ ਟੀਮ ਦੇ ਵਿਸ਼ਲੇਸ਼ਣ ਵਿੱਚ ਵੀ ਸਾਹਮਣੇ ਆਈਆਂ ਹਨ, ਪਰ ਉਨ੍ਹਾਂ ਮੁਤਾਬਕ ਕੈਨੇਡਾ ਵੈਸਟ ਫਾਊਂਡੇਸ਼ਨ ਨੇ ਕਈ ਅਨਿਸ਼ਚਿਤਤਾਵਾਂ ਅਤੇ ਗੱਲਬਾਤ ਨਾਲ ਜੁੜੇ ਖਤਰਿਆਂ ਨੂੰ ਸਭ ਤੋਂ ਮਾੜੇ ਸੰਭਾਵਿਤ ਨਤੀਜਿਆਂ ਦੇ ਆਧਾਰ ’ਤੇ ਪੇਸ਼ ਕੀਤਾ ਹੈ।ਵਿਲਸਨ ਦਾ ਕਹਿਣਾ ਹੈ ਕਿ ਕਿਸੇ ਖਤਰੇ ਦੀ ਪਛਾਣ ਕਰਨਾ ਇਹ ਸਾਬਤ ਨਹੀਂ ਕਰਦਾ ਕਿ ਉਸ ਨੂੰ ਗੱਲਬਾਤ, ਯੋਜਨਾਬੰਦੀ ਜਾਂ ਪ੍ਰਬੰਧਨ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ।ਦੂਜੇ ਪਾਸੇ, ਗੈਰੀ ਮਾਰ ਨੇ ਕਿਹਾ ਕਿ ਅਲਬਰਟਾ ਵਾਸੀਆਂ ਦੀਆਂ ਫੈਡਰਲ ਸਰਕਾਰ ਪ੍ਰਤੀ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ, ਪਰ ਇਹ ਵੀ ਮੰਨਣਾ ਪਵੇਗਾ ਕਿ ਕੈਨੇਡਾ ਨਾਲ ਰਹਿਣ ਕਾਰਨ ਅਲਬਰਟਾ ਨੂੰ ਕਈ ਅਜਿਹੇ ਫਾਇਦੇ ਮਿਲ ਰਹੇ ਹਨ ਜਿਨ੍ਹਾਂ ਨੂੰ ਲੋਕ ਅਕਸਰ ਆਮ ਸਮਝਦੇ ਹਨ।ਅਲਬਰਟਾ ਵਾਸੀ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਵਿੱਚ ਵੋਟ ਪਾਉਣਗੇ ਕਿ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਾਂ ਵੱਖ ਹੋਣ ਬਾਰੇ ਦੂਜਾ ਅਤੇ ਬਾਧਕ ਰੈਫਰੈਂਡਮ ਕਰਵਾਉਣ ਦੇ ਹੱਕ ਵਿੱਚ ਹਨ।