ਕੈਨੇਡਾ ਚਾਈਲਡ ਬੇਨੀਫਿਟ ਵਿੱਚ ਵਾਧਾ, 20 ਜੁਲਾਈ ਤੋਂ ਪਰਿਵਾਰਾਂ ਨੂੰ ਮਿਲੇਗੀ ਵਧੀ ਹੋਈ ਰਕਮ
ਕੈਲੋਨਾ-ਕੈਨੇਡਾ ਸਰਕਾਰ ਨੇ ਦੇਸ਼ ਭਰ ਦੇ ਪਰਿਵਾਰਾਂ ਨੂੰ ਆਰਥਿਕ ਰਾਹਤ ਦੇਣ ਲਈ ਕੈਨੇਡਾ ਚਾਈਲਡ ਬੇਨੀਫਿਟ (Canada Child Benefit - CCB) ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 20 ਜੁਲਾਈ ਤੋਂ ਲਾਗੂ ਹੋਣਗੀਆਂ।ਇਸ ਮੌਕੇ 'ਤੇ ਕੈਲੋਨਾ ਤੋਂ ਸੰਸਦ ਮੈਂਬਰ ਸਟੀਫਨ ਫਿਊਰ ਨੇ ਬੀਜੀਸੀ ਨਾਰਥ ਗਲੇਨਮੋਰ ਕਲੱਬ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਬੱਚਿਆਂ ਅਤੇ ਸਟਾਫ਼ ਨਾਲ ਮੁਲਾਕਾਤ ਕਰਦਿਆਂ ਇਸ ਵਾਧੇ ਦੀ ਜਾਣਕਾਰੀ ਸਾਂਝੀ ਕੀਤੀ।ਨਵੀਆਂ ਦਰਾਂ ਅਨੁਸਾਰ 6 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਲਈ ਪਰਿਵਾਰਾਂ ਨੂੰ ਵੱਧ ਤੋਂ ਵੱਧ 8,157 ਕੈਨੇਡੀਅਨ ਡਾਲਰ ਸਾਲਾਨਾ, ਜਦਕਿ 6 ਤੋਂ 17 ਸਾਲ ਉਮਰ ਦੇ ਹਰ ਬੱਚੇ ਲਈ ਵੱਧ ਤੋਂ ਵੱਧ 6,883 ਕੈਨੇਡੀਅਨ ਡਾਲਰ ਸਾਲਾਨਾ ਮਿਲ ਸਕਣਗੇ।
ਪੂਰਾ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਇਸ ਸਾਲ 6 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਲਈ 160 ਡਾਲਰ ਅਤੇ 6 ਤੋਂ 17 ਸਾਲ ਦੇ ਹਰ ਬੱਚੇ ਲਈ 135 ਡਾਲਰ ਦਾ ਵਾਧੂ ਲਾਭ ਮਿਲੇਗਾ।ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪਰਿਵਾਰ ਨੂੰ ਮਿਲਣ ਵਾਲੀ ਰਕਮ ਘਰੇਲੂ ਆਮਦਨ, ਬੱਚਿਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਉਮਰ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ।
ਸਟੀਫਨ ਫਿਊਰ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੀਆਂ ਕਈ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ ਜੋ ਪਰਿਵਾਰਾਂ ਨੂੰ ਮੌਜੂਦਾ ਸਮੇਂ ਵਿੱਚ ਆਰਥਿਕ ਰਾਹਤ ਦੇਣ ਦੇ ਨਾਲ-ਨਾਲ ਬੱਚਿਆਂ ਦੇ ਭਵਿੱਖ ਲਈ ਵੀ ਬਿਹਤਰ ਮੌਕੇ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ।ਸਰਕਾਰੀ ਅੰਕੜਿਆਂ ਮੁਤਾਬਕ, ਕੈਨੇਡਾ ਚਾਈਲਡ ਬੇਨੀਫਿਟ ਤੋਂ ਬ੍ਰਿਟਿਸ਼ ਕੋਲੰਬੀਆ ਦੇ ਲਗਭਗ 1.7 ਲੱਖ ਬੱਚਿਆਂ ਅਤੇ ਦੇਸ਼ ਭਰ ਵਿੱਚ ਕਰੀਬ 60 ਲੱਖ ਬੱਚਿਆਂ ਨੂੰ ਲਾਭ ਮਿਲਣ ਦੀ ਉਮੀਦ ਹੈ।
















