ਆਰਬੀਆਈ ਵੱਲੋਂ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ, ਵਿਆਜ ਦਰ 5.25 ਫੀਸਦੀ ’ਤੇ ਬਰਕਰਾਰ
ਨਵੀਂ ਦਿੱਲੀ-ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਤਿੰਨ ਦਿਨਾਂ ਬੈਠਕ ਮਗਰੋਂ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਾ ਕਰਨ ਦਾ ਫੈਸਲਾ ਕੀਤਾ ਹੈ। ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਰੈਪੋ ਰੇਟ ਨੂੰ 5.25 ਫੀਸਦੀ ’ਤੇ ਹੀ ਕਾਇਮ ਰੱਖਿਆ ਗਿਆ ਹੈ।ਆਰਬੀਆਈ ਨੇ ਆਪਣਾ ਨੀਤੀਗਤ ਰੁਖ਼ “ਨਿਰਪੱਖ” ਬਣਾਈ ਰੱਖਦਿਆਂ ਕਿਹਾ ਕਿ ਵਿਸ਼ਵ ਪੱਧਰ ’ਤੇ ਚੱਲ ਰਹੀਆਂ ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਬਾਹਰੀ ਝਟਕਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਗਵਰਨਰ ਮਲਹੋਤਰਾ ਨੇ ਕਿਹਾ ਕਿ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਅਧਾਰਿਤ ਮਹਿੰਗਾਈ ਦਰ ਇਸ ਸਮੇਂ ਨਿਰਧਾਰਿਤ ਟੀਚੇ ਤੋਂ ਹੇਠਾਂ ਹੈ, ਪਰ ਭਵਿੱਖ ਵਿੱਚ ਇਸਦੇ ਵਧਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਕਮੇਟੀ ਆਉਣ ਵਾਲੇ ਸਮੇਂ ਵਿੱਚ ਆਰਥਿਕ ਅੰਕੜਿਆਂ, ਸਪਲਾਈ ਸਬੰਧੀ ਦਬਾਅ ਅਤੇ ਵਿਸ਼ਵ ਆਰਥਿਕ ਹਾਲਾਤਾਂ ’ਤੇ ਨਿਗਰਾਨੀ ਰੱਖੇਗੀ।ਆਰਬੀਆਈ ਨੇ ਇਹ ਵੀ ਕਿਹਾ ਕਿ ਦੇਸ਼ ਦੀ ਘਰੇਲੂ ਆਰਥਿਕ ਗਤੀਵਿਧੀ ਹਾਲੇ ਵੀ ਕਾਫ਼ੀ ਹੱਦ ਤੱਕ ਸਥਿਰ ਹੈ। ਹਾਲਾਂਕਿ ਕੇਂਦਰੀ ਬੈਂਕ ਨੇ ਵਿੱਤੀ ਸਾਲ 2026-27 ਲਈ ਜੀਡੀਪੀ ਵਿਕਾਸ ਦਰ ਦੇ ਅਨੁਮਾਨ ਨੂੰ 6.9 ਫੀਸਦੀ ਤੋਂ ਘਟਾ ਕੇ 6.6 ਫੀਸਦੀ ਕਰ ਦਿੱਤਾ ਹੈ।ਗਵਰਨਰ ਨੇ ਕਿਹਾ ਕਿ ਕਮਜ਼ੋਰ ਵਿਸ਼ਵ ਮੰਗ ਅਤੇ ਵਧ ਰਹੀਆਂ ਲੌਜਿਸਟਿਕ ਲਾਗਤਾਂ ਭਾਰਤ ਦੇ ਨਿਰਯਾਤ ਖੇਤਰ ਲਈ ਵੱਡੀ ਚੁਣੌਤੀ ਬਣ ਰਹੀਆਂ ਹਨ।
















