ਅੰਮ੍ਰਿਤਸਰ ਤੋਂ ਹੁਣ ਦੁਨੀਆ ਭਰ ਦੀਆਂ ਉਡਾਣਾਂ ਹੋਣਗੀਆਂ ਹੋਰ ਆਸਾਨ

ਅੰਮ੍ਰਿਤਸਰ ਤੋਂ ਹੁਣ ਦੁਨੀਆ ਭਰ ਦੀਆਂ ਉਡਾਣਾਂ ਹੋਣਗੀਆਂ ਹੋਰ ਆਸਾਨ

ਅੰਮ੍ਰਿਤਸਰ-ਏਅਰ ਇੰਡੀਆ ਨੇ ਮੰਗਲਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਆਪਣੀ ਨਵੀਂ 'ਈਜ਼ੀ ਕਨੈਕਟ' ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਵਾ ਰਾਹੀਂ ਪੰਜਾਬ ਦੇ ਯਾਤਰੀ ਹੁਣ ਦਿੱਲੀ ਰਾਹੀਂ 27 ਅੰਤਰਰਾਸ਼ਟਰੀ ਮੰਜ਼ਿਲਾਂ ਲਈ ਇੱਕੋ ਟਿਕਟ 'ਤੇ ਆਸਾਨੀ ਨਾਲ ਯਾਤਰਾ ਕਰ ਸਕਣਗੇ।

ਨਵੀਂ ਵਿਵਸਥਾ ਤਹਿਤ ਯਾਤਰੀਆਂ ਦੀ ਇਮੀਗ੍ਰੇਸ਼ਨ ਅਤੇ ਸਮਾਨ ਦੀ ਚੈਕ-ਇਨ ਪ੍ਰਕਿਰਿਆ ਅੰਮ੍ਰਿਤਸਰ ਹਵਾਈ ਅੱਡੇ 'ਤੇ ਹੀ ਪੂਰੀ ਹੋਵੇਗੀ। ਇਸ ਤੋਂ ਬਾਅਦ ਦਿੱਲੀ ਪਹੁੰਚਣ 'ਤੇ ਉਨ੍ਹਾਂ ਨੂੰ ਨਾ ਤਾਂ ਦੁਬਾਰਾ ਇਮੀਗ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਨਾ ਹੀ ਸਮਾਨ ਮੁੜ ਚੈਕ-ਇਨ ਕਰਵਾਉਣਾ ਪਵੇਗਾ।

ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਇਸ ਸੇਵਾ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਨਵਾਂ ਕਦਮ ਦੇਸ਼ ਦੇ ਹਵਾਬਾਜ਼ੀ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਏਗਾ। ਏਅਰ ਇੰਡੀਆ ਦੇ ਅਧਿਕਾਰੀਆਂ ਮੁਤਾਬਕ ਰੋਜ਼ਾਨਾ ਦੋ ਉਡਾਣਾਂ (AI1113 ਅਤੇ AI1115) ਰਾਹੀਂ ਯਾਤਰੀ ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ, ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਸਮੇਤ 27 ਵਿਦੇਸ਼ੀ ਮੰਜ਼ਿਲਾਂ ਤੱਕ ਆਸਾਨੀ ਨਾਲ ਪਹੁੰਚ ਸਕਣਗੇ।

ਹਾਲਾਂਕਿ ਕੁਝ ਸਥਾਨਕ ਹਵਾਬਾਜ਼ੀ ਮਾਹਿਰਾਂ ਅਤੇ ਸੰਸਥਾਵਾਂ ਨੇ ਇਸ ਯੋਜਨਾ 'ਤੇ ਸਵਾਲ ਵੀ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਕਮਜ਼ੋਰ ਹੋ ਸਕਦੀ ਹੈ ਅਤੇ ਅੰਮ੍ਰਿਤਸਰ ਹਵਾਈ ਅੱਡਾ ਦਿੱਲੀ ਲਈ ਸਿਰਫ਼ ਇੱਕ ਕਨੈਕਟਿੰਗ ਕੇਂਦਰ ਬਣ ਕੇ ਰਹਿ ਜਾਵੇਗਾ।ਏਅਰ ਇੰਡੀਆ ਨੇ ਦੱਸਿਆ ਕਿ 'ਈਜ਼ੀ ਕਨੈਕਟ' ਸੇਵਾ ਦੀ ਸ਼ੁਰੂਆਤ ਪਹਿਲਾਂ ਵਾਰਾਣਸੀ ਤੋਂ ਕੀਤੀ ਗਈ ਸੀ ਅਤੇ ਹੁਣ ਇਸ ਨੂੰ ਅੰਮ੍ਰਿਤਸਰ ਸਮੇਤ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾ ਰਿਹਾ ਹੈ।