ਅਲਬਰਟਾ ਸਰਕਾਰ ਦਾ ਵੱਡਾ ਫੈਸਲਾ-ਇੱਕ ਹੀ ਕਾਰਡ ਨਾਲ ਮਿਲਣਗੀਆਂ ਕਈ ਸੇਵਾਵਾਂ
ਐਡਮੰਟਨ-ਅਲਬਰਟਾ ਸਰਕਾਰ ਵੱਲੋਂ 2 ਜੁਲਾਈ ਤੋਂ ਨਵੇਂ ਅਤੇ ਰੀਨਿਊ ਕੀਤੇ ਜਾਣ ਵਾਲੇ ਡਰਾਈਵਰ ਲਾਇਸੈਂਸ ਅਤੇ ਆਈ.ਡੀ. ਕਾਰਡਾਂ ਵਿੱਚ ਹੈਲਥ ਨੰਬਰ ਅਤੇ ਕੈਨੇਡੀਅਨ ਨਾਗਰਿਕਤਾ ਸੰਬੰਧੀ ਜਾਣਕਾਰੀ ਵੀ ਸ਼ਾਮਲ ਕੀਤੀ ਜਾਵੇਗੀ। ਇਸ ਨਵੇਂ ਪ੍ਰਬੰਧ ਨਾਲ ਲੋਕਾਂ ਨੂੰ ਵੱਖ-ਵੱਖ ਕਾਰਡ ਨਾਲ ਰੱਖਣ ਦੀ ਲੋੜ ਨਹੀਂ ਰਹੇਗੀ ਅਤੇ ਇੱਕ ਹੀ ਸੁਰੱਖਿਅਤ ਕਾਰਡ ਰਾਹੀਂ ਕਈ ਸਰਕਾਰੀ ਸੇਵਾਵਾਂ ਪ੍ਰਾਪਤ ਹੋ ਸਕਣਗੀਆਂ।
ਸਰਕਾਰ ਮੁਤਾਬਕ ਨਵੇਂ ਕਾਰਡਾਂ ਦਾ ਡਿਜ਼ਾਇਨ ਅਲਬਰਟਾ ਦੇ ਇਤਿਹਾਸ ਅਤੇ ਪਹਿਚਾਣ ਨੂੰ ਦਰਸਾਉਂਦਾ ਹੋਵੇਗਾ। ਇਸਦੇ ਨਾਲ ਹੀ ਕਾਰਡਾਂ ਵਿੱਚ ਨਵੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਜੋੜੀਆਂ ਗਈਆਂ ਹਨ, ਜਿਸ ਨਾਲ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲੇਗੀ। ਆਉਣ ਵਾਲੇ ਸਮੇਂ ਵਿੱਚ ਕਾਗਜ਼ੀ ਅਲਬਰਟਾ ਹੈਲਥ ਕੇਅਰ ਕਾਰਡਾਂ ਦੀ ਲੋੜ ਵੀ ਘੱਟ ਹੋ ਜਾਵੇਗੀ।
ਸਰਵਿਸ ਅਲਬਰਟਾ ਅਤੇ ਰੈੱਡ ਟੇਪ ਰੀਡਕਸ਼ਨ ਮੰਤਰੀ ਡੇਲ ਨਾਲੀ ਨੇ ਕਿਹਾ ਕਿ ਇਹ ਤਬਦੀਲੀ ਸਿਰਫ਼ ਕਾਰਡਾਂ ਦੇ ਨਵੇਂ ਡਿਜ਼ਾਇਨ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਹੋਰ ਆਸਾਨ ਅਤੇ ਸੁਰੱਖਿਅਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।ਹੁਣ ਜਿਹੜੇ ਲੋਕ ਨਵਾਂ ਡਰਾਈਵਰ ਲਾਇਸੈਂਸ ਜਾਂ ਆਈ.ਡੀ. ਕਾਰਡ ਬਣਵਾਉਣ ਜਾਂ ਰੀਨਿਊ ਕਰਵਾਉਣ ਲਈ ਅਰਜ਼ੀ ਦੇਣਗੇ, ਉਨ੍ਹਾਂ ਨੂੰ ਕੈਨੇਡਾ ਵਿੱਚ ਕਾਨੂੰਨੀ ਤੌਰ ’ਤੇ ਰਹਿਣ ਦੇ ਸਬੂਤ ਪੇਸ਼ ਕਰਨੇ ਪੈਣਗੇ। ਜਿਹੜੇ ਲੋਕ ਆਪਣੀ ਕੈਨੇਡੀਅਨ ਨਾਗਰਿਕਤਾ ਸਾਬਤ ਕਰਨਗੇ, ਉਨ੍ਹਾਂ ਦੇ ਕਾਰਡ ’ਤੇ ਸਿਟੀਜ਼ਨਸ਼ਿਪ ਮਾਰਕਰ ਵੀ ਦਰਜ ਕੀਤਾ ਜਾਵੇਗਾ।
ਪ੍ਰਾਇਮਰੀ ਅਤੇ ਪ੍ਰੀਵੇਂਟੇਟਿਵ ਹੈਲਥ ਸਰਵਿਸਿਜ਼ ਮੰਤਰੀ ਜਸਟਿਨ ਰਾਈਟ ਨੇ ਕਿਹਾ ਕਿ ਇਸ ਨਵੇਂ ਪ੍ਰਬੰਧ ਨਾਲ ਹੈਲਥ ਸੇਵਾਵਾਂ ਤੱਕ ਪਹੁੰਚ ਹੋਰ ਤੇਜ਼ ਅਤੇ ਸੁਵਿਧਾਜਨਕ ਬਣੇਗੀ ਅਤੇ ਸਿਸਟਮ ਵਿੱਚ ਜਾਣਕਾਰੀ ਦਾ ਆਦਾਨ-ਪ੍ਰਦਾਨ ਵੀ ਸੁਚੱਜੇ ਢੰਗ ਨਾਲ ਹੋ ਸਕੇਗਾ।ਕਾਰਡ ’ਤੇ ਹੈਲਥ ਨੰਬਰ ਸ਼ਾਮਲ ਕਰਵਾਉਣ ਲਈ ਯੋਗ ਅਲਬਰਟਾ ਵਾਸੀਆਂ ਨੂੰ ਆਪਣਾ ਅਲਬਰਟਾ ਹੈਲਥ ਕੇਅਰ ਕਾਰਡ, ਵੈਧ ਪਛਾਣ ਪੱਤਰ ਅਤੇ ਕਾਨੂੰਨੀ ਦਸਤਾਵੇਜ਼ ਨਾਲ ਲੈ ਕੇ ਜਾਣਾ ਹੋਵੇਗਾ। ਰਜਿਸਟਰੀ ਏਜੰਟ ਵੱਲੋਂ ਯੋਗਤਾ ਦੀ ਜਾਂਚ ਮੌਕੇ ’ਤੇ ਹੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੈਲਥ ਨੰਬਰ ਡਰਾਈਵਰ ਲਾਇਸੈਂਸ ਜਾਂ ਆਈ.ਡੀ. ਕਾਰਡ ’ਤੇ ਜੋੜ ਦਿੱਤਾ ਜਾਵੇਗਾ।
















