ਅਲਬਰਟਾ ਦੇ ਵਿਧਾਇਕ ਅਮਰੀਕਾ ਦੌਰੇ 'ਤੇ, ਵਪਾਰ ਅਤੇ ਆਰਥਿਕ ਸਾਂਝ ਨੂੰ ਮਿਲੇਗਾ ਬਲ
ਅਲਬਰਟਾ-ਅਲਬਰਟਾ ਸਰਕਾਰ ਦੇ ਤਿੰਨ ਵਿਧਾਇਕ 25 ਤੋਂ 30 ਜੁਲਾਈ 2026 ਤੱਕ ਅਮਰੀਕਾ ਦੇ ਸ਼ਿਕਾਗੋ ਵਿੱਚ ਹੋਣ ਵਾਲੇ ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਜ਼ (NCSL) ਲੈਜਿਸਲੇਟਿਵ ਸਮਿੱਟ ਵਿੱਚ ਸ਼ਾਮਲ ਹੋਣਗੇ। ਇਸ ਦੌਰੇ ਦਾ ਮੁੱਖ ਉਦੇਸ਼ ਅਮਰੀਕੀ ਰਾਜਾਂ ਦੇ ਨੀਤੀ ਨਿਰਧਾਰਕਾਂ ਨਾਲ ਸਬੰਧ ਮਜ਼ਬੂਤ ਕਰਨਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਹਿਯੋਗ ਨੂੰ ਹੋਰ ਅੱਗੇ ਵਧਾਉਣਾ ਹੈ।
ਐਂਜਲਾ ਪਿੱਟ (ਏਅਰਡਰੀ-ਈਸਟ), ਗਲੇਨ ਵੈਨ ਡਾਈਕਨ (ਅਥਾਬਾਸਕਾ-ਬਾਰਹੈੱਡ-ਵੈਸਟਲਾਕ) ਅਤੇ ਚੈਲਸੀ ਪੈਟਰੋਵਿਕ (ਲਿਵਿੰਗਸਟਨ-ਮੈਕਲਿਓਡ) ਇਸ ਸੰਮੇਲਨ ਵਿੱਚ ਅਮਰੀਕਾ ਦੇ ਵੱਖ-ਵੱਖ ਰਾਜਾਂ ਦੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ।
ਸੰਮੇਲਨ ਦੌਰਾਨ ਅਲਬਰਟਾ ਸਰਕਾਰ ਸਰਹੱਦ ਪਾਰ ਰੁਕਾਵਟ-ਰਹਿਤ ਵਪਾਰ, ਸੁਰੱਖਿਅਤ ਸਪਲਾਈ ਚੇਨ, ਆਰਥਿਕ ਗਲਿਆਰਿਆਂ (Economic Corridors) ਦੇ ਵਿਕਾਸ ਅਤੇ ਉੱਤਰੀ ਅਮਰੀਕਾ ਦੀ ਊਰਜਾ ਸੁਰੱਖਿਆ ਵਿੱਚ ਅਲਬਰਟਾ ਦੀ ਭੂਮਿਕਾ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਉਭਾਰੇਗੀ।
ਵਿਧਾਇਕ ਗਲੇਨ ਵੈਨ ਡਾਈਕਨ ਐਨਸੀਐਸਐਲ ਦੀ ਐਗਰੀਕਲਚਰ ਟਾਸਕ ਫੋਰਸ ਦੀ ਮੀਟਿੰਗ ਵਿੱਚ ਖੇਤੀਬਾੜੀ ਵਪਾਰ ਅਤੇ ਪੇਂਡੂ ਵਿਕਾਸ ਸਬੰਧੀ ਅਲਬਰਟਾ ਦੇ ਹਿੱਤਾਂ ਦੀ ਨੁਮਾਇੰਦਗੀ ਕਰਨਗੇ। ਉਹ ਦੱਸਣਗੇ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਆਪਸੀ ਖੇਤੀਬਾੜੀ ਵਪਾਰ ਦੋਵਾਂ ਦੇਸ਼ਾਂ ਦੇ ਖਪਤਕਾਰਾਂ ਨੂੰ ਸੁਰੱਖਿਅਤ, ਕਿਫ਼ਾਇਤੀ ਅਤੇ ਭਰੋਸੇਯੋਗ ਖੁਰਾਕ ਉਪਲਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਗਲੇਨ ਵੈਨ ਡਾਈਕਨ ਨੇ ਕਿਹਾ ਕਿ ਅਲਬਰਟਾ ਅਤੇ ਅਮਰੀਕਾ ਵਿਚਕਾਰ ਖੇਤੀਬਾੜੀ ਖੇਤਰ ਵਿੱਚ ਲੰਬੇ ਸਮੇਂ ਤੋਂ ਮਜ਼ਬੂਤ ਸਾਂਝ ਰਹੀ ਹੈ ਅਤੇ ਇਹ ਦੌਰਾ ਖੁੱਲ੍ਹੇ ਬਾਜ਼ਾਰਾਂ, ਮਜ਼ਬੂਤ ਸਪਲਾਈ ਚੇਨਾਂ ਅਤੇ ਖੁਸ਼ਹਾਲ ਪੇਂਡੂ ਭਾਈਚਾਰਿਆਂ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ।
ਇਸੇ ਦੌਰਾਨ ਐਂਜਲਾ ਪਿੱਟ ਅੰਤਰਰਾਸ਼ਟਰੀ ਵਿਧਾਨਕ ਸਲਾਹਕਾਰ ਕੌਂਸਲ (International Legislative Advisory Council) ਰਾਹੀਂ ਅਮਰੀਕੀ ਰਾਜਾਂ ਦੇ ਵਿਧਾਇਕਾਂ ਨਾਲ ਨੀਤੀਗਤ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਵਧੀਆ ਨੀਤੀਆਂ, ਤਜਰਬਿਆਂ ਅਤੇ ਸਾਂਝੇ ਉਪਰਾਲਿਆਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ।
ਐਂਜਲਾ ਪਿੱਟ ਨੇ ਕਿਹਾ ਕਿ ਅਮਰੀਕੀ ਭਾਈਵਾਲਾਂ ਨਾਲ ਮਜ਼ਬੂਤ ਰਿਸ਼ਤੇ ਅਲਬਰਟਾ ਅਤੇ ਅਮਰੀਕਾ ਦੋਵਾਂ ਲਈ ਨਵੇਂ ਆਰਥਿਕ ਮੌਕੇ ਪੈਦਾ ਕਰਦੇ ਹਨ ਅਤੇ ਇਹ ਸੰਮੇਲਨ ਆਪਸੀ ਨਿਵੇਸ਼, ਵਪਾਰ ਅਤੇ ਲੰਬੇ ਸਮੇਂ ਦੀ ਖੁਸ਼ਹਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਮ ਮੌਕਾ ਹੈ।
ਚੈਲਸੀ ਪੈਟਰੋਵਿਕ ਵੀ ‘ਟੀਮ ਅਲਬਰਟਾ’ ਦੇ ਹਿੱਸੇ ਵਜੋਂ ਸੰਮੇਲਨ ਦੀਆਂ ਵੱਖ-ਵੱਖ ਬੈਠਕਾਂ ਅਤੇ ਨੈੱਟਵਰਕਿੰਗ ਸੈਸ਼ਨਾਂ ਵਿੱਚ ਹਿੱਸਾ ਲੈ ਕੇ ਸੂਬੇ ਦੇ ਆਰਥਿਕ ਅਤੇ ਊਰਜਾ ਹਿੱਤਾਂ ਨੂੰ ਅੱਗੇ ਵਧਾਉਣਗੇ।
ਉਨ੍ਹਾਂ ਕਿਹਾ ਕਿ ਅਲਬਰਟਾ ਅਤੇ ਅਮਰੀਕੀ ਰਾਜਾਂ ਵਿਚਕਾਰ ਸਹਿਯੋਗ ਉੱਤਰੀ ਅਮਰੀਕਾ ਦੀ ਆਰਥਿਕ ਅਤੇ ਊਰਜਾ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ ਅਤੇ ਅਲਬਰਟਾ ਇੱਕ ਭਰੋਸੇਯੋਗ ਵਪਾਰਕ ਭਾਈਵਾਲ ਵਜੋਂ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ।
ਜ਼ਿਕਰਯੋਗ ਹੈ ਕਿ ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਜ਼ (NCSL) ਦੀ ਸਥਾਪਨਾ 1975 ਵਿੱਚ ਹੋਈ ਸੀ। ਇਹ ਸੰਸਥਾ ਅਮਰੀਕਾ ਦੇ ਸਾਰੇ 50 ਰਾਜਾਂ, ਕਾਮਨਵੈਲਥ, ਖੇਤਰਾਂ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ਦੇ ਵਿਧਾਇਕਾਂ ਅਤੇ ਸਰਕਾਰੀ ਆਗੂਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਦੀ ਹੈ।
ਅਲਬਰਟਾ ਸਰਕਾਰ ਨੇ ਦੱਸਿਆ ਹੈ ਕਿ ਇਸ ਦੌਰੇ ਨਾਲ ਸਬੰਧਤ ਸਾਰੇ ਖਰਚਿਆਂ ਦਾ ਵੇਰਵਾ ਬਾਅਦ ਵਿੱਚ ਸਰਕਾਰੀ ਟਰੈਵਲ ਐਂਡ ਐਕਸਪੈਂਸ ਡਿਸਕਲੋਜ਼ਰ ਪੋਰਟਲ 'ਤੇ ਜਨਤਕ ਕੀਤਾ ਜਾਵੇਗਾ।
















