ਹਿਮਾਚਲ ਦੇ ਲਾਹੌਲ-ਸਪੀਤੀ ਵਿੱਚ ਭਿਆਨਕ ਹਾਦਸਾ: ਪਹਾੜ ਤੋਂ ਡਿੱਗੀਆਂ ਚੱਟਾਨਾਂ ਨੇ ਟੈਕਸੀ ਕੁਚਲੀ, 13 ਲੋਕਾਂ ਦੀ ਮੌਤ

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਉਦੈਪੁਰ-ਕਿਲਾੜ ਸੜਕ 'ਤੇ ਕੁੱਡੂ ਨਾਲਾ ਨੇੜੇ ਪਹਾੜ ਤੋਂ ਅਚਾਨਕ ਵੱਡੀਆਂ ਚੱਟਾਨਾਂ ਡਿੱਗਣ ਕਾਰਨ ਇੱਕ ਚੱਲਦੀ ਟਾਟਾ ਸੂਮੋ ਟੈਕਸੀ ਉਨ੍ਹਾਂ ਹੇਠਾਂ ਦੱਬ ਗਈ। ਹਾਦਸੇ ਮਗਰੋਂ ਵਾਹਨ ਨੂੰ ਅੱਗ ਵੀ ਲੱਗ ਗਈ, ਜਿਸ ਕਾਰਨ ਟੈਕਸੀ ਵਿੱਚ ਸਵਾਰ ਛੇ ਮਹੀਨੇ ਦੇ ਬੱਚੇ ਸਮੇਤ ਸਾਰੇ 13 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਲਾਹੌਲ-ਸਪੀਤੀ ਦੀ ਡਿਪਟੀ ਕਮਿਸ਼ਨਰ ਕਿਰਨ ਬਧਾਨਾ ਨੇ ਹਾਦਸੇ ਵਿੱਚ 13 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਥਾਨਕ ਵਿਧਾਇਕ ਅਨੁਰਾਧਾ ਰਾਣਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ 10 ਵਿਅਕਤੀ ਚੰਬਾ ਜ਼ਿਲ੍ਹੇ ਦੇ ਪਾਂਗੀ ਖੇਤਰ ਨਾਲ ਸਬੰਧਤ ਸਨ, ਜਦਕਿ ਤਿੰਨ ਮ੍ਰਿਤਕ ਲਾਹੌਲ-ਸਪੀਤੀ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿੱਚ ਇੱਕ ਮਹਿਲਾ ਅਤੇ ਉਸ ਦਾ ਛੇ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ।

ਮੁੱਢਲੀ ਜਾਣਕਾਰੀ ਅਨੁਸਾਰ, ਇੱਕ ਦਿਨ ਪਹਿਲਾਂ ਸੜਕ ਬੰਦ ਹੋਣ ਕਾਰਨ ਸਾਰੇ ਯਾਤਰੀ ਟਿੰਡੀ ਵਿੱਚ ਫਸੇ ਰਹੇ ਸਨ। ਸ਼ੁੱਕਰਵਾਰ ਸਵੇਰੇ ਜਦੋਂ ਸੜਕ ਖੁੱਲ੍ਹੀ ਤਾਂ ਉਹ ਪਾਂਗੀ ਵੱਲ ਰਵਾਨਾ ਹੋਏ, ਪਰ ਰਸਤੇ ਵਿੱਚ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਮ੍ਰਿਤਕਾਂ ਵਿੱਚ ਸੱਤ ਪੁਰਸ਼, ਚਾਰ ਮਹਿਲਾਵਾਂ ਅਤੇ ਇੱਕ ਛੇ ਮਹੀਨੇ ਦਾ ਬੱਚਾ ਸ਼ਾਮਲ ਹਨ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਹਨ ਵਿੱਚੋਂ ਬਾਹਰ ਕੱਢ ਕੇ ਉਦੈਪੁਰ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ।

ਵਿਧਾਇਕ ਅਨੁਰਾਧਾ ਰਾਣਾ ਨੇ ਦੱਸਿਆ ਕਿ ਹਾਦਸਾ ਚੰਬਾ-ਲਾਹੌਲ ਸਰਹੱਦ ਦੇ ਉਸ ਇਲਾਕੇ ਵਿੱਚ ਵਾਪਰਿਆ, ਜੋ ਅਕਸਰ ਪਹਾੜਾਂ ਤੋਂ ਪੱਥਰ ਡਿੱਗਣ ਅਤੇ ਭੂ-ਖਿਸਕਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਸਥਾਨ 'ਤੇ ਮੋਬਾਈਲ ਨੈੱਟਵਰਕ ਨਾ ਹੋਣ ਕਾਰਨ ਸੈਟੇਲਾਈਟ ਫੋਨ ਰਾਹੀਂ ਪੁਲਿਸ ਅਤੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਬਚਾਅ ਕਾਰਜ ਸ਼ੁਰੂ ਕਰਵਾਇਆ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO), ਪੁਲਿਸ, ਸਥਾਨਕ ਪ੍ਰਸ਼ਾਸਨ ਅਤੇ ਹੋਰ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਚਲਾਇਆ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਵੀ ਇਸ ਦੁੱਖਦਾਈ ਘਟਨਾ 'ਤੇ ਗਹਿਰਾ ਸੋਗ ਪ੍ਰਗਟ ਕੀਤਾ ਹੈ।

ਇਸੇ ਦੌਰਾਨ, ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ਦੇ ਗੁੰਮਾ ਖੇਤਰ ਵਿੱਚ ਭੂ-ਖਿਸਕਣ ਦੀ ਇੱਕ ਹੋਰ ਘਟਨਾ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਲੋਕ ਜ਼ਖ਼ਮੀ ਹੋਏ ਹਨ। 

ਲਗਾਤਾਰ ਮੀਂਹ ਅਤੇ ਭੂ-ਖਿਸਕਣ ਕਾਰਨ ਹਿਮਾਚਲ ਪ੍ਰਦੇਸ਼ ਵਿੱਚ 121 ਸੜਕਾਂ ਆਵਾਜਾਈ ਲਈ ਬੰਦ ਹਨ। ਇਨ੍ਹਾਂ ਵਿੱਚ ਮੰਡੀ ਦੀਆਂ 41, ਕੁੱਲੂ ਦੀਆਂ 24, ਚੰਬਾ ਦੀਆਂ 23, ਸ਼ਿਮਲਾ ਦੀਆਂ 13, ਸਿਰਮੌਰ ਦੀਆਂ 7, ਕਾਂਗੜਾ ਦੀਆਂ 6, ਲਾਹੌਲ-ਸਪੀਤੀ ਦੀਆਂ 5 ਅਤੇ ਊਨਾ ਤੇ ਬਿਲਾਸਪੁਰ ਦੀ ਇੱਕ-ਇੱਕ ਸੜਕ ਸ਼ਾਮਲ ਹੈ।

ਮੌਸਮ ਵਿਭਾਗ ਨੇ 27 ਤੋਂ 29 ਜੁਲਾਈ ਤੱਕ ਸੂਬੇ ਦੇ ਕਈ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਉਂਦਿਆਂ ਆਰੇਂਜ ਅਲਰਟ ਜਾਰੀ ਕੀਤਾ ਹੈ। ਰਾਜ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ ਭੂ-ਖਿਸਕਣ ਅਤੇ ਹੜ੍ਹਾਂ ਕਾਰਨ 89 ਪਾਣੀ ਸਪਲਾਈ ਯੋਜਨਾਵਾਂ ਅਤੇ 43 ਬਿਜਲੀ ਟਰਾਂਸਫਾਰਮਰ ਵੀ ਪ੍ਰਭਾਵਿਤ ਹੋਏ ਹਨ।