15 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਵਰਤ ਸਕਣਗੇ ਸੋਸ਼ਲ ਮੀਡੀਆ, ਫਰਾਂਸ ਨੇ ਬਣਾਇਆ ਨਵਾਂ ਕਾਨੂੰਨ
ਪੈਰਿਸ-ਫਰਾਂਸ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਵੱਧਦੇ ਪ੍ਰਭਾਵ ਤੋਂ ਬਚਾਉਣ ਲਈ ਸਖ਼ਤ ਕਾਨੂੰਨ ਬਣਾਇਆ ਹੈ। ਦੇਸ਼ ਦੀ ਸੰਸਦ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਫਰਾਂਸ ਯੂਰਪੀਅਨ ਯੂਨੀਅਨ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਇਸ ਤਰ੍ਹਾਂ ਦੀ ਪਾਬੰਦੀ ਕਾਨੂੰਨੀ ਰੂਪ ਵਿੱਚ ਲਾਗੂ ਕੀਤੀ ਜਾਵੇਗੀ।
ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸਰਕਾਰ ਵੱਲੋਂ ਲਿਆਂਦੇ ਗਏ ਇਸ ਕਾਨੂੰਨ ਨੂੰ ਸੰਸਦ ਦੇ ਦੋਵਾਂ ਸਦਨਾਂ ਦਾ ਸਮਰਥਨ ਮਿਲਿਆ। ਸਰਕਾਰ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਵਧ ਰਹੀ ਸੋਸ਼ਲ ਮੀਡੀਆ ਦੀ ਲਤ, ਮਾਨਸਿਕ ਦਬਾਅ ਅਤੇ ਪੜ੍ਹਾਈ 'ਤੇ ਪੈ ਰਹੇ ਨਕਾਰਾਤਮਕ ਅਸਰਾਂ ਨੂੰ ਦੇਖਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ।
ਇਸੇ ਕਾਨੂੰਨ ਤਹਿਤ ਹਾਈ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਮੋਬਾਈਲ ਫੋਨਾਂ ਦੀ ਵਰਤੋਂ 'ਤੇ ਵੀ ਪੂਰੀ ਰੋਕ ਲਗਾਈ ਗਈ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਵੱਲ ਵਧੇਗਾ ਅਤੇ ਉਹ ਡਿਜੀਟਲ ਪਲੇਟਫਾਰਮਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚੇ ਰਹਿਣਗੇ।
ਆਸਟਰੇਲੀਆ ਪਹਿਲਾਂ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਾਗੂ ਕਰ ਚੁੱਕਾ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿੱਚ ਵੀ ਇਸ ਉਮਰ ਵਰਗ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਅਤੇ ਵਰਤਣ ਸਬੰਧੀ ਕਾਨੂੰਨੀ ਪਾਬੰਦੀਆਂ ਹਨ।ਚੀਨ ਨੇ ਬੱਚਿਆਂ ਲਈ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਦੇ ਸਮੇਂ ਨੂੰ ਸੀਮਤ ਕੀਤਾ ਹੋਇਆ ਹੈ, ਜਦਕਿ ਬ੍ਰਾਜ਼ੀਲ ਵਿੱਚ ਨਾਬਾਲਗਾਂ ਦੇ ਅਕਾਊਂਟ ਲਈ ਮਾਪਿਆਂ ਦੀ ਮਨਜ਼ੂਰੀ ਅਤੇ ਉਮਰ ਦੀ ਪੁਸ਼ਟੀ ਲਾਜ਼ਮੀ ਹੈ।ਇਸ ਤੋਂ ਇਲਾਵਾ ਯੂਨਾਈਟਿਡ ਕਿੰਗਡਮ, ਕੈਨੇਡਾ, ਗਰੀਸ, ਆਸਟਰੀਆ ਅਤੇ ਡੈਨਮਾਰਕ ਵਰਗੇ ਦੇਸ਼ ਵੀ ਬੱਚਿਆਂ ਲਈ ਸੋਸ਼ਲ ਮੀਡੀਆ ਸਬੰਧੀ ਸਖ਼ਤ ਨਿਯਮ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਨ।
















