ਸਪੇਨ ’ਚ ਦੋ ਹਾਈ-ਸਪੀਡ ਟਰੇਨਾਂ ਦੀ ਆਪਸੀ ਟੱਕਰ ’ਚ 21 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ

ਸਪੇਨ ’ਚ ਦੋ ਹਾਈ-ਸਪੀਡ ਟਰੇਨਾਂ ਦੀ ਆਪਸੀ ਟੱਕਰ ’ਚ 21 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ

ਸਪੇਨ-ਦੱਖਣੀ ਸਪੇਨ ਦੇ ਸ਼ਹਿਰ ਕੋਰਡੋਬਾ ਵਿੱਚ ਅੱਜ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਹੋ ਗਈ ਜਿਸ ਵਿੱਚ ਲਗਭਗ 21 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਬਚਾਅ ਕਾਰਜ ਲਗਾਤਾਰ ਜਾਰੀ ਹਨ। ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮੌਤਾਂ ਦਾ ਅੰਕੜਾ ਹੋਰ ਵੱਧ ਸਕਦਾ ਹੈ। ਇਸ ਮੌਕੇ ਸਪੇਨ ਦੇ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਨੇ ਕਿਹਾ ਕਿ 100 ਤੋਂ ਵੱਧ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਾਲਾਗਾ ਤੋਂ ਮੈਡ੍ਰਿਡ ਜਾ ਰਹੀ ਇੱਕ ਤੇਜ਼ ਰਫ਼ਤਾਰ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਇੱਕ ਹੋਰ ਲਾਈਨ ’ਤੇ ਚੜ੍ਹ ਗਈ ਅਤੇ ਉਸੇ ਸਮੇਂ ਮੈਡ੍ਰਿਡ ਤੋਂ ਹੁਏਲਵਾ ਜਾ ਰਹੀ ਇੱਕ ਹੋਰ ਰੇਲਗੱਡੀ ਇਸ ਨਾਲ ਟਕਰਾ ਗਈ। ਰੇਲ ਨੈੱਟਵਰਕ ਆਪਰੇਟਰ ਨੇ ਕਿਹਾ ਕਿ ਇਹ ਹਾਦਸਾ ਮਾਲਾਗਾ ਤੋਂ ਟਰੇਨ ਦੇ ਰਵਾਨਾ ਹੋਣ ਤੋਂ ਲਗਭਗ ਦਸ ਮਿੰਟ ਬਾਅਦ ਵਾਪਰਿਆ। ਹੈਰਾਨੀ ਦੀ ਗੱਲ ਹੈ ਕਿ ਜਿਸ ਟਰੈਕ ’ਤੇ ਟਰੇਨ ਪਟੜੀ ਤੋਂ ਉਤਰੀ ਸੀ ਉਹ ਸਿੱਧਾ ਹਿੱਸਾ ਸੀ ਅਤੇ ਪਿਛਲੇ ਮਈ ਵਿੱਚ ਹੀ ਇਸਦੀ ਮੁਰੰਮਤ ਕੀਤੀ ਗਈ ਸੀ। ਟਰਾਂਸਪੋਰਟ ਮੰਤਰੀ ਨੇ ਇਸ ਘਟਨਾ ਨੂੰ “ਬਹੁਤ ਹੀ ਅਸਾਧਾਰਨ” ਦੱਸਿਆ। ਹਾਦਸੇ ਦਾ ਅਸਲ ਕਾਰਨ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਵਿੱਚ ਘੱਟੋ-ਘੱਟ ਇੱਕ ਮਹੀਨਾ ਲੱਗ ਸਕਦਾ ਹੈ। ਇਸ ਦੌਰਾਨ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਦੇਸ਼ ਡੂੰਘੇ ਦੁੱਖ ਦਾ ਅਹਿਸਾਸ ਕਰ ਰਿਹਾ ਹੈ।  ਹਾਦਸੇ ਤੋਂ ਬਾਅਦ, ਮੈਡ੍ਰਿਡ ਅਤੇ ਅੰਡੇਲੂਸੀਆ ਵਿਚਕਾਰ ਸਾਰੀਆਂ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਰੈੱਡ ਕਰਾਸ ਨੇ ਪ੍ਰਭਾਵਿਤ ਪਰਿਵਾਰਾਂ ਲਈ ਐਮਰਜੈਂਸੀ ਰਾਹਤ ਅਤੇ ਸਲਾਹ ਸੇਵਾਵਾਂ ਸ਼ੁਰੂ ਕੀਤੀਆਂ ਹਨ। ਸਰਕਾਰ ਨੇ ਪ੍ਰਭਾਵਿਤ ਯਾਤਰੀਆਂ ਅਤੇ ਰਿਸ਼ਤੇਦਾਰਾਂ ਲਈ ਪ੍ਰਮੁੱਖ ਸਟੇਸ਼ਨਾਂ ’ਤੇ ਸਹਾਇਤਾ ਕੇਂਦਰ ਵੀ ਸਥਾਪਤ ਕੀਤੇ ਹਨ।