ਮੈਕਸੀਕੋ ਦੇ ਪਿਰਾਮਿਡ ਸਥਾਨ ‘ਤੇ ਗੋਲੀਬਾਰੀ, ਕੈਨੇਡੀਅਨ ਸੈਲਾਨੀ ਦੀ ਮੌਤ, 13 ਜ਼ਖ਼ਮੀ

ਮੈਕਸੀਕੋ ਦੇ ਪਿਰਾਮਿਡ ਸਥਾਨ ‘ਤੇ ਗੋਲੀਬਾਰੀ, ਕੈਨੇਡੀਅਨ ਸੈਲਾਨੀ ਦੀ ਮੌਤ, 13 ਜ਼ਖ਼ਮੀ

ਮੈਕਸੀਕੋ-ਮੈਕਸੀਕੋ ਦੇ ਪ੍ਰਸਿੱਧ ਪੁਰਾਤੱਤਵ ਸਥਾਨ ਟਿਓਤੀਹੁਆਕਾਨ ‘ਤੇ ਹੋਈ ਗੋਲੀਬਾਰੀ ਵਿੱਚ ਇੱਕ ਕੈਨੇਡੀਅਨ ਮਹਿਲਾ ਦੀ ਮੌਤ ਹੋ ਗਈ, ਜਦਕਿ 13 ਹੋਰ ਲੋਕ ਜ਼ਖ਼ਮੀ ਹੋ ਗਏ।ਅਧਿਕਾਰੀਆਂ ਮੁਤਾਬਕ, ਇਹ ਹਮਲਾ ਸੋਮਵਾਰ ਦੁਪਹਿਰ ‘ਪਿਰਾਮਿਡ ਆਫ਼ ਦ ਮੂਨ’ ‘ਤੇ ਵਾਪਰਿਆ, ਜਿੱਥੇ ਇੱਕ ਹਥਿਆਰਬੰਦ ਵਿਅਕਤੀ ਨੇ ਸੈਲਾਨੀਆਂ ‘ਤੇ ਅਚਾਨਕ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ।ਜ਼ਖ਼ਮੀਆਂ ਵਿੱਚ ਕੈਨੇਡਾ, ਕੋਲੰਬੀਆ, ਬ੍ਰਾਜ਼ੀਲ ਅਤੇ ਅਮਰੀਕਾ ਦੇ ਨਾਗਰਿਕ ਸ਼ਾਮਲ ਹਨ। ਛੇ ਲੋਕਾਂ ਨੂੰ ਗੋਲੀ ਲੱਗੀ, ਜਦਕਿ ਹੋਰ ਸੱਤ ਲੋਕ ਭੱਜਦੌੜ ਦੌਰਾਨ ਜ਼ਖ਼ਮੀ ਹੋਏ।ਹਮਲੇ ਤੋਂ ਬਾਅਦ ਹਮਲਾਵਰ ਨੇ ਖੁਦਕੁਸ਼ੀ ਕਰ ਲਈ, ਜਿਸ ਦੀ ਪੁਸ਼ਟੀ ਮੈਕਸੀਕੋ ਸੂਬੇ ਦੇ ਸੁਰੱਖਿਆ ਸਕੱਤਰ ਕ੍ਰਿਸਟੋਬਲ ਕਾਸਤਾਨੇਦਾ ਨੇ ਕੀਤੀ। ਮੌਕੇ ਤੋਂ ਇੱਕ ਬੰਦੂਕ, ਚਾਕੂ ਅਤੇ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ।

ਘਟਨਾ ਤੋਂ ਬਾਅਦ ਪੁਲਿਸ ਅਤੇ ਨੈਸ਼ਨਲ ਗਾਰਡ ਨੂੰ ਤੁਰੰਤ ਤਾਇਨਾਤ ਕਰ ਦਿੱਤਾ ਗਿਆ ਅਤੇ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ।ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬਾਉਮ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਉਧਰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਸਨੂੰ “ਭਿਆਨਕ ਹਿੰਸਕ ਘਟਨਾ” ਕਰਾਰ ਦਿੱਤਾ।ਦੋ ਹਜ਼ਾਰ ਸਾਲ ਪੁਰਾਣਾ ਇਹ ਇਤਿਹਾਸਕ ਸਥਾਨ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਮੈਕਸੀਕੋ ਦੇ ਸਭ ਤੋਂ ਪ੍ਰਸਿੱਧ ਟੂਰਿਸਟ ਸਥਾਨਾਂ ਵਿੱਚੋਂ ਇੱਕ ਹੈ।ਇਸ ਘਟਨਾ ਨੇ ਸੈਲਾਨੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।