ਬ੍ਰਾਜ਼ੀਲ ਨਾਲ ਤਣਾਅ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਬ੍ਰਾਜ਼ੀਲ ਦੀ ਰਾਜਦੂਤ ਦਾ ਵੀਜ਼ਾ ਰੱਦ ਕੀਤਾ

ਬ੍ਰਾਜ਼ੀਲ ਨਾਲ ਤਣਾਅ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਬ੍ਰਾਜ਼ੀਲ ਦੀ ਰਾਜਦੂਤ ਦਾ ਵੀਜ਼ਾ ਰੱਦ ਕੀਤਾ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਬ੍ਰਾਜ਼ੀਲ ਦੀ ਅਮਰੀਕਾ ਵਿੱਚ ਰਾਜਦੂਤ ਮਾਰੀਆ ਲੁਈਜ਼ਾ ਰਿਬੇਇਰੋ ਵਿਓਟੀ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਇਹ ਕਦਮ ਬ੍ਰਾਜ਼ੀਲ ਵੱਲੋਂ ਦੋ ਅਮਰੀਕੀ ਕੂਟਨੀਤਿਕਾਂ ਨੂੰ ਵੀਜ਼ਾ ਨਾ ਦੇਣ ਅਤੇ ਬ੍ਰਾਜ਼ੀਲ ਵਿੱਚ ਅਮਰੀਕੀ ਰਾਜਦੂਤ ਦੀ ਨਿਯੁਕਤੀ ਨੂੰ ਮਨਜ਼ੂਰੀ ਨਾ ਦੇਣ ਦੇ ਜਵਾਬ ਵਜੋਂ ਚੁੱਕਿਆ ਗਿਆ ਹੈ।

ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ "ਬਰਾਬਰ ਦੇ ਜਵਾਬ" ਦੀ ਕਾਰਵਾਈ ਹੈ ਅਤੇ ਜੇਕਰ ਬ੍ਰਾਜ਼ੀਲ ਅਮਰੀਕਾ ਵੱਲੋਂ ਨਾਮਜ਼ਦ ਰਾਜਦੂਤ ਨੂੰ ਮਨਜ਼ੂਰੀ ਦੇ ਦਿੰਦਾ ਹੈ ਤਾਂ ਫ਼ੈਸਲਾ ਵਾਪਸ ਵੀ ਲਿਆ ਜਾ ਸਕਦਾ ਹੈ।ਹਾਲਾਂਕਿ ਵੀਜ਼ਾ ਰੱਦ ਹੋਣ ਦੇ ਬਾਵਜੂਦ ਬ੍ਰਾਜ਼ੀਲ ਦੀ ਰਾਜਦੂਤ ਨੂੰ ਅਮਰੀਕਾ ਤੋਂ ਕੱਢਿਆ ਨਹੀਂ ਜਾਵੇਗਾ ਅਤੇ ਹਾਲਾਤ ਸੁਧਰਨ 'ਤੇ ਉਹ ਆਪਣੀਆਂ ਡਿਊਟੀਆਂ ਮੁੜ ਸੰਭਾਲ ਸਕਦੀ ਹੈ।ਟਰੰਪ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸਿਓ ਲੂਲਾ ਦਾ ਸਿਲਵਾ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਕਈ ਮੁੱਦਿਆਂ 'ਤੇ ਤਣਾਅ ਬਣਿਆ ਹੋਇਆ ਹੈ। ਅਮਰੀਕਾ ਨੇ ਹਾਲ ਹੀ ਵਿੱਚ ਬ੍ਰਾਜ਼ੀਲ ਦੇ ਹਜ਼ਾਰਾਂ ਉਤਪਾਦਾਂ 'ਤੇ 37.5 ਫ਼ੀਸਦੀ ਤੱਕ ਵਾਧੂ ਟੈਰਿਫ਼ ਵੀ ਲਗਾਇਆ ਹੈ, ਜਿਸ ਦਾ ਬ੍ਰਾਜ਼ੀਲ ਨੇ ਸਖ਼ਤ ਵਿਰੋਧ ਕੀਤਾ ਹੈ।

ਇਸ ਤੋਂ ਇਲਾਵਾ ਅਮਰੀਕਾ ਨੇ ਬ੍ਰਾਜ਼ੀਲ ਦੇ ਦੋ ਵੱਡੇ ਨਸ਼ਾ ਤਸਕਰੀ ਗਿਰੋਹਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਵੀ ਘੋਸ਼ਿਤ ਕੀਤਾ ਹੈ। ਦੋਵੇਂ ਦੇਸ਼ਾਂ ਵਿਚਾਲੇ ਵਧਦੇ ਕੂਟਨੀਤਿਕ ਵਿਵਾਦ ਕਾਰਨ ਦੁਵੱਲੇ ਸਬੰਧਾਂ ਵਿੱਚ ਹੋਰ ਤਣਾਅ ਪੈਦਾ ਹੋਣ ਦੀ ਸੰਭਾਵਨਾ ਹੈ।