ਬੀ.ਸੀ. ਸਮਰ ਗੇਮਜ਼ ਦੌਰਾਨ ਕੈਲੋਨਾ ਵਿੱਚ ਚਾਰ ਦਿਨ ਟ੍ਰੈਫਿਕ ਪ੍ਰਭਾਵਿਤ, ਕਈ ਸੜਕਾਂ ਰਹਿਣਗੀਆਂ ਬੰਦ
ਕੈਲੋਨਾ-2026 ਬੀ.ਸੀ. ਸਮਰ ਗੇਮਜ਼ ਦੇ ਆਯੋਜਨ ਨੂੰ ਲੈ ਕੇ ਕੈਲੋਨਾ ਸ਼ਹਿਰ ਵਿੱਚ ਅਗਲੇ ਚਾਰ ਦਿਨਾਂ ਤੱਕ ਕਈ ਸੜਕਾਂ 'ਤੇ ਅਸਥਾਈ ਟ੍ਰੈਫਿਕ ਪਾਬੰਦੀਆਂ ਲਾਗੂ ਰਹਿਣਗੀਆਂ। ਸ਼ਹਿਰ ਪ੍ਰਸ਼ਾਸਨ ਨੇ ਦੱਸਿਆ ਕਿ ਡਾਊਨਟਾਊਨ, ਰਟਲੈਂਡ ਅਤੇ ਸਰਸਨਜ਼ ਬੀਚ ਇਲਾਕਿਆਂ ਵਿੱਚ ਖੇਡ ਮੁਕਾਬਲਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ।
23 ਜੁਲਾਈ ਨੂੰ ਉਦਘਾਟਨੀ ਸਮਾਰੋਹ ਲਈ ਵਾਟਰ ਸਟ੍ਰੀਟ ਨੂੰ ਕੁਝ ਸਮੇਂ ਲਈ ਬੰਦ ਰੱਖਿਆ ਗਿਆ ਤਾਂ ਜੋ 3,000 ਤੋਂ ਵੱਧ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਸੁਰੱਖਿਅਤ ਢੰਗ ਨਾਲ ਵਾਟਰਫਰੰਟ ਪਾਰਕ ਤੱਕ ਲਿਜਾਇਆ ਜਾ ਸਕੇ।ਇਸ ਤੋਂ ਇਲਾਵਾ 24 ਅਤੇ 25 ਜੁਲਾਈ ਨੂੰ ਰਟਲੈਂਡ ਸੈਂਟੇਨੀਅਲ ਪਾਰਕ ਅਤੇ ਰਾਕਸਬੀ ਰੋਡ ਦੇ ਪਾਰਕਿੰਗ ਖੇਤਰ ਵਿੱਚ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਸ ਕਾਰਨ ਇੱਥੇ ਵੀ ਆਵਾਜਾਈ ਅਤੇ ਪਾਰਕਿੰਗ ਪ੍ਰਭਾਵਿਤ ਰਹੇਗੀ। ਹਾਲਾਂਕਿ ਪਾਰਕ ਦਾ ਪਲੇਗਰਾਊਂਡ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ।
24 ਤੋਂ 26 ਜੁਲਾਈ ਤੱਕ ਸਰਸਨਜ਼ ਬੀਚ ਪਾਰਕ ਵਿੱਚ ਟਰਾਇਥਲਾਨ ਮੁਕਾਬਲੇ ਹੋਣ ਕਾਰਨ ਸਰਸਨਜ਼ ਰੋਡ, ਸਵੈਸਲੈਂਡ ਰੋਡ, ਐਲਡੋਰਾਡੋ ਰੋਡ, ਬਾਰਕਲੇ ਰੋਡ, ਹੋਬਸਨ ਕ੍ਰੈਸੈਂਟ, ਪਾਈਨਗਰੋਵ ਰੋਡ, ਵਾਕਰ ਰੋਡ ਅਤੇ ਲੇਕਲੈਂਡ ਰੋਡ ਸਮੇਤ ਕਈ ਸੜਕਾਂ 'ਤੇ ਵੱਖ-ਵੱਖ ਸਮਿਆਂ ਦੌਰਾਨ ਅਸਥਾਈ ਟ੍ਰੈਫਿਕ ਪਾਬੰਦੀਆਂ ਲਗਾਈਆਂ ਜਾਣਗੀਆਂ।ਪ੍ਰਸ਼ਾਸਨ ਨੇ ਕਿਹਾ ਹੈ ਕਿ ਜਿੱਥੇ ਸੰਭਵ ਹੋਵੇਗਾ ਉੱਥੇ ਸਥਾਨਕ ਵਸਨੀਕਾਂ ਨੂੰ ਆਪਣੇ ਇਲਾਕਿਆਂ ਵਿੱਚ ਆਉਣ-ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਵਲੰਟੀਅਰ ਟ੍ਰੈਫਿਕ ਨੂੰ ਨਿਯੰਤਰਿਤ ਕਰਨ ਲਈ ਮੌਕੇ 'ਤੇ ਤਾਇਨਾਤ ਰਹਿਣਗੇ।ਸ਼ਹਿਰ ਵਾਸੀਆਂ ਅਤੇ ਸੈਲਾਨੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਾਤਰਾ ਦੌਰਾਨ ਵਾਧੂ ਸਮਾਂ ਰੱਖਣ, ਟ੍ਰੈਫਿਕ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਖਿਡਾਰੀਆਂ ਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ।
















