ਬੀ.ਸੀ. ਵਿੱਚ ਹਿਮਨਦੀ ਝੀਲ ਦਾ ਪਾਣੀ ਹੇਠਾਂ ਵਗਣਾ ਸ਼ੁਰੂ, ਹੜ੍ਹ ਅਤੇ ਮਲਬੇ ਦਾ ਖਤਰਾ ਵਧਿਆ

ਬੀ.ਸੀ. ਵਿੱਚ ਹਿਮਨਦੀ ਝੀਲ ਦਾ ਪਾਣੀ ਹੇਠਾਂ ਵਗਣਾ ਸ਼ੁਰੂ, ਹੜ੍ਹ ਅਤੇ ਮਲਬੇ ਦਾ ਖਤਰਾ ਵਧਿਆ

ਬ੍ਰਿਟਿਸ਼ ਕੋਲੰਬੀਆ-ਬ੍ਰਿਟਿਸ਼ ਕੋਲੰਬੀਆ ਦੇ ਪੈਂਬਰਟਨ ਨੇੜੇ ਸਥਿਤ ਇੱਕ ਹਿਮਨਦੀ (ਗਲੇਸ਼ੀਅਰ) ਝੀਲ ਦਾ ਪਾਣੀ ਹੇਠਲੇ ਇਲਾਕਿਆਂ ਵੱਲ ਵਗਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਨੇੜਲੇ ਘਰਾਂ ਅਤੇ ਸੰਪਤੀਆਂ ਲਈ ਖਤਰਾ ਪੈਦਾ ਹੋ ਗਿਆ ਹੈ।

ਸਕੁਆਮਿਸ਼-ਲਿਲੂਏਟ ਰੀਜਨਲ ਡਿਸਟ੍ਰਿਕਟ ਨੇ ਲੋਕਾਂ ਨੂੰ ਪਲੇਸ ਕ੍ਰੀਕ, ਪੂਲ ਕ੍ਰੀਕ, ਗੇਟਸ ਲੇਕ ਅਤੇ ਆਲੇ-ਦੁਆਲੇ ਦੇ ਜਲ ਮਾਰਗਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਅਨੁਸਾਰ ਪਲੇਸ ਗਲੇਸ਼ੀਅਰ ਨੇੜੇ ਬਣੀ ਹਿਮਨਦੀ ਝੀਲ ਦਾ ਪਾਣੀ ਤੇਜ਼ੀ ਨਾਲ ਹੇਠਾਂ ਵਗ ਰਿਹਾ ਹੈ।ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਰਫ਼ਤਾਰ ਨਾਲ ਵਗਦਾ ਪਾਣੀ, ਮਲਬਾ, ਕਿਨਾਰਿਆਂ ਦਾ ਕਟਾਅ ਅਤੇ ਅਸਥਿਰ ਨਦੀ ਕੰਢੇ ਲੋਕਾਂ ਲਈ ਗੰਭੀਰ ਖਤਰਾ ਬਣ ਸਕਦੇ ਹਨ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪਿਛਲੇ ਮਹੀਨੇ ਤੋਂ 24 ਸੰਪਤੀਆਂ ਲਈ ਜਾਰੀ ਕੀਤਾ ਗਿਆ ਖਾਲੀ ਕਰਨ ਦਾ ਹੁਕਮ (Evacuation Order) ਅਜੇ ਵੀ ਲਾਗੂ ਹੈ। ਜਿਨ੍ਹਾਂ ਵਸਨੀਕਾਂ ਨੂੰ ਇਲਾਕਾ ਛੱਡਣ ਲਈ ਕਿਹਾ ਗਿਆ ਸੀ, ਉਹ ਅਗਲੇ ਹੁਕਮ ਤੱਕ ਵਾਪਸ ਨਾ ਜਾਣ।ਰੀਜਨਲ ਡਿਸਟ੍ਰਿਕਟ ਦਾ ਕਹਿਣਾ ਹੈ ਕਿ ਅਗਲੇ ਇੱਕ ਤੋਂ ਦੋ ਦਿਨਾਂ ਤੱਕ ਪਾਣੀ ਦਾ ਵਹਾਅ ਉੱਚ ਪੱਧਰ 'ਤੇ ਰਹਿ ਸਕਦਾ ਹੈ। ਤਕਨੀਕੀ ਮਾਹਿਰ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਆਉਣ ਵਾਲੇ ਘੰਟਿਆਂ ਵਿੱਚ ਇਲਾਕੇ ਦਾ ਮੁਆਇਨਾ ਕਰਕੇ ਸੰਭਾਵਿਤ ਨੁਕਸਾਨ ਦਾ ਅੰਕਲਨ ਕਰਨਗੇ।

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਭਾਵਿਤ ਇਲਾਕੇ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।