ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਨੇ ਫੈਡਰਲ ਪ੍ਰਣਾਲੀ ’ਤੇ ਚੁੱਕੇ ਸਵਾਲ

ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਨੇ ਫੈਡਰਲ ਪ੍ਰਣਾਲੀ ’ਤੇ ਚੁੱਕੇ ਸਵਾਲ

‘ਨਾਟ ਕਰਿਮਿਨਲੀ ਰਿਸਪਾਂਸਿਬਲ’ ਕਾਨੂੰਨ ਪੀੜਤ ਪਰਿਵਾਰਾਂ ਲਈ ਦੁਬਾਰਾ ਸਦਮਾ ਬਣ ਰਿਹਾ’

ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕੈਨੇਡਾ ਦੀ “ਨਾਟ ਕਰਿਮਿਨਲੀ ਰਿਸਪਾਂਸਿਬਲ” (NCR) ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਮੌਜੂਦਾ ਕਾਨੂੰਨੀ ਪ੍ਰਕਿਰਿਆ ਪੀੜਤ ਪਰਿਵਾਰਾਂ ਨੂੰ ਮੁੜ ਮਾਨਸਿਕ ਤੌਰ ’ਤੇ ਪੀੜਤ ਕਰ ਰਹੀ ਹੈ।ਈਬੀ ਦੀ ਇਹ ਟਿੱਪਣੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਰਿਵਿਊ ਬੋਰਡ ਨੇ ਐਲਨ ਸ਼ੋਨਬੋਰਨ, ਜੋ ਹੁਣ ਕੇਨ ਜਾਨ ਜਾਨਸਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਸ਼ਰਤਾਂ ਸਮੇਤ ਰਿਹਾਈ ਦੇਣ ਦਾ ਫ਼ੈਸਲਾ ਕੀਤਾ ਹੈ।

ਸ਼ੋਨਬੋਰਨ ਨੂੰ 2008 ਵਿੱਚ ਮੈਰਿਟ, ਬੀ.ਸੀ. ਵਿੱਚ ਆਪਣੇ ਤਿੰਨ ਬੱਚਿਆਂ — ਪੰਜ ਸਾਲਾ ਕੋਰਡਨ, ਅੱਠ ਸਾਲਾ ਮੈਕਸ ਅਤੇ ਦਸ ਸਾਲਾ ਕੈਟਲਿਨ — ਦੇ ਕਤਲ ਮਾਮਲੇ ਵਿੱਚ ਮਾਨਸਿਕ ਬਿਮਾਰੀ ਕਾਰਨ ਅਪਰਾਧਿਕ ਤੌਰ ’ਤੇ ਜ਼ਿੰਮੇਵਾਰ ਨਾ ਮੰਨਿਆ ਗਿਆ ਸੀ।ਰਿਵਿਊ ਬੋਰਡ ਦੇ ਫ਼ੈਸਲੇ ਅਨੁਸਾਰ ਸ਼ੋਨਬੋਰਨ ਨੂੰ ਮਨੋਚਿਕਿਤਸਾ ਕਲੀਨਿਕ ਵਿੱਚ ਰਿਪੋਰਟ ਕਰਨਾ ਹੋਵੇਗਾ ਅਤੇ ਨਿਗਰਾਨੀ ਹੇਠ ਰਹਿਣਾ ਪਵੇਗਾ। ਜੇ ਹੁਕਮ ਦਿੱਤਾ ਗਿਆ ਤਾਂ ਉਸ ਨੂੰ ਕੋਕੁਇਟਲਮ ਸਥਿਤ ਫੋਰੈਂਸਿਕ ਸਾਈਕਾਇਟ੍ਰਿਕ ਹਸਪਤਾਲ ਵਾਪਸ ਜਾਣਾ ਪਵੇਗਾ।

ਪ੍ਰੀਮੀਅਰ ਈਬੀ ਨੇ ਕਿਹਾ ਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਅਤੇ ਪਰੇਸ਼ਾਨ ਕਰਨ ਵਾਲਾ ਹੈ ਅਤੇ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਇਹ ਚਿੰਤਾ ਦੀ ਗੱਲ ਹੈ ਕਿ ਦੋਸ਼ੀ ਹੁਣ ਆਜ਼ਾਦੀ ਨਾਲ ਰਹਿ ਸਕੇਗਾ।ਉਨ੍ਹਾਂ ਕਿਹਾ ਕਿ ਮੌਜੂਦਾ ਫੈਡਰਲ ਪ੍ਰਣਾਲੀ ਢੰਗ ਨਾਲ ਕੰਮ ਨਹੀਂ ਕਰ ਰਹੀ ਅਤੇ ਪੀੜਤ ਪਰਿਵਾਰਾਂ ਨੂੰ ਉਹ ਸਹਾਰਾ ਨਹੀਂ ਮਿਲ ਰਿਹਾ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਈਬੀ ਨੇ ਦੱਸਿਆ ਕਿ ਉਹ ਇਸ ਮਾਮਲੇ ’ਚ ਆਪਣੀਆਂ ਚਿੰਤਾਵਾਂ ਫੈਡਰਲ ਸਰਕਾਰ ਅੱਗੇ ਰੱਖਣਗੇ ਅਤੇ ਕਾਨੂੰਨੀ ਪ੍ਰਣਾਲੀ ਦੀ ਸਮੀਖਿਆ ਦੀ ਮੰਗ ਕਰਨਗੇ।ਉਨ੍ਹਾਂ ਕਿਹਾ ਕਿ ਇਹ ਕੇਸ ਇਸ ਗੱਲ ਦਾ ਸਬੂਤ ਹੈ ਕਿ “ਨਾਟ ਕਰਿਮਿਨਲੀ ਰਿਸਪਾਂਸਿਬਲ” ਪ੍ਰਣਾਲੀ ਨੂੰ ਫੈਡਰਲ ਪੱਧਰ ’ਤੇ ਗੰਭੀਰਤਾ ਨਾਲ ਦੁਬਾਰਾ ਵੇਖਣ ਦੀ ਲੋੜ ਹੈ।