ਬਰੂਕਸ ਵਿੱਚ ਆਰਸੀਐਮਪੀ ਦੀ ਗੋਲੀਬਾਰੀ ਦੌਰਾਨ ਵਿਅਕਤੀ ਦੀ ਮੌਤ, ਮਾਮਲੇ ਦੀ ਜਾਂਚ ਸ਼ੁਰੂ

ਬਰੂਕਸ ਵਿੱਚ ਆਰਸੀਐਮਪੀ ਦੀ ਗੋਲੀਬਾਰੀ ਦੌਰਾਨ ਵਿਅਕਤੀ ਦੀ ਮੌਤ, ਮਾਮਲੇ ਦੀ ਜਾਂਚ ਸ਼ੁਰੂ

ਅਲਬਰਟਾ-ਕੈਨੇਡਾ ਦੇ ਅਲਬਰਟਾ ਸੂਬੇ ਦੇ ਬਰੂਕਸ ਸ਼ਹਿਰ ਵਿੱਚ ਆਰਸੀਐਮਪੀ (ਰੋਇਲ ਕੈਨੇਡੀਅਨ ਮਾਊਂਟਡ ਪੁਲਿਸ) ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪਾਂਸ ਟੀਮ (ASIRT) ਨੇ ਇਸ ਮਾਮਲੇ ਦੀ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ 15 ਜੁਲਾਈ 2026 ਨੂੰ ਸ਼ਾਮ ਕਰੀਬ 4:15 ਵਜੇ ਬਰੂਕਸ ਆਰਸੀਐਮਪੀ ਦੇ ਅਧਿਕਾਰੀ ਇੱਕ ਘਰ ਵਿੱਚ ਸਵੇਰੇ ਦਰਜ ਹੋਏ ਇੱਕ ਚੋਰੀ ਅਤੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋਣ (ਬ੍ਰੇਕ ਐਂਡ ਐਂਟਰ) ਦੇ ਮਾਮਲੇ ਵਿੱਚ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੇ।ਘਰ ਦਾ ਦਰਵਾਜ਼ਾ ਖੋਲ੍ਹਣ ਵਾਲੇ ਇੱਕ ਹੋਰ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਜਿਸ ਵਿਅਕਤੀ ਦੀ ਉਹ ਭਾਲ ਕਰ ਰਹੇ ਹਨ, ਉਹ ਘਰ ਦੇ ਅੰਦਰ ਹੀ ਮੌਜੂਦ ਹੈ। ਕੁਝ ਸਮਾਂ ਬਾਹਰ ਉਡੀਕ ਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਘਰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ।ਇਸ ਦੌਰਾਨ ਸ਼ੱਕੀ ਵਿਅਕਤੀ ਘਰ ਦੇ ਪਿਛਲੇ ਹਿੱਸੇ ਤੋਂ ਬਾਹਰ ਆਇਆ। ਪੁਲਿਸ ਨੂੰ ਦੇਖਦੇ ਹੀ ਉਹ ਘਰ ਦੇ ਸਾਈਡ ਵਾਲੇ ਦਰਵਾਜ਼ੇ ਰਾਹੀਂ ਨਿਕਲ ਕੇ ਨੇੜਲੀ ਗਲੀ ਵੱਲ ਭੱਜ ਗਿਆ। ਇੱਕ ਪੁਲਿਸ ਅਧਿਕਾਰੀ ਨੇ ਉਸ ਦਾ ਪਿੱਛਾ ਕੀਤਾ।ਪੁਲਿਸ ਮੁਤਾਬਕ ਗਲੀ ਵਿੱਚ ਸ਼ੱਕੀ ਵਿਅਕਤੀ ਦੇ ਹੱਥ ਵਿੱਚ ਇੱਕ ਚਾਕੂ ਸੀ। ਅਧਿਕਾਰੀ ਨੇ ਉਸ ਨੂੰ ਚਾਕੂ ਸੁੱਟਣ ਲਈ ਕਿਹਾ, ਪਰ ਦੋਸ਼ ਹੈ ਕਿ ਉਹ ਚਾਕੂ ਸਮੇਤ ਪੁਲਿਸ ਅਧਿਕਾਰੀ ਵੱਲ ਵੱਧਣ ਲੱਗ ਪਿਆ। ਇਸ ਤੋਂ ਬਾਅਦ ਵਾਪਰੀ ਘਟਨਾ ਦੌਰਾਨ ਅਧਿਕਾਰੀ ਨੇ ਗੋਲੀ ਚਲਾ ਦਿੱਤੀ, ਜੋ ਉਸ ਵਿਅਕਤੀ ਨੂੰ ਲੱਗੀ।

ਗੋਲੀ ਲੱਗਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਅਤੇ ਪੈਰਾਮੈਡਿਕਸ ਦੇ ਪਹੁੰਚਣ ਤੱਕ ਇਲਾਜ ਜਾਰੀ ਰੱਖਿਆ। ਹਾਲਾਂਕਿ, ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।ਘਟਨਾ ਸਥਾਨ ਦੀ ਜਾਂਚ ਦੌਰਾਨ ਜਾਂਚਕਰਤਾਵਾਂ ਨੂੰ ਉੱਥੋਂ ਦੋ ਚਾਕੂ ਵੀ ਬਰਾਮਦ ਹੋਏ ਹਨ।ਪੁਲਿਸ ਰਿਵਿਊ ਕਮਿਸ਼ਨ ਨੇ ਇਸ ਮਾਮਲੇ ਨੂੰ ਲੈਵਲ-1 ਜਾਂਚ ਵਜੋਂ ASIRT ਨੂੰ ਸੌਂਪਿਆ ਹੈ। ਪੁਲਿਸ ਐਕਟ ਅਨੁਸਾਰ ਅਜਿਹੇ ਮਾਮਲੇ ਉਹ ਹੁੰਦੇ ਹਨ, ਜਿਨ੍ਹਾਂ ਵਿੱਚ ਕਿਸੇ ਵਿਅਕਤੀ ਦੀ ਮੌਤ, ਗੰਭੀਰ ਸੱਟ ਜਾਂ ਪੁਲਿਸ ਅਧਿਕਾਰੀਆਂ ਦੀ ਕਾਰਵਾਈ ਸਬੰਧੀ ਗੰਭੀਰ ਚਿੰਤਾਵਾਂ ਸ਼ਾਮਲ ਹੁੰਦੀਆਂ ਹਨ।ASIRT ਵੱਲੋਂ ਪੁਲਿਸ ਵੱਲੋਂ ਵਰਤੀ ਗਈ ਤਾਕਤ ਅਤੇ ਵਿਅਕਤੀ ਦੀ ਮੌਤ ਨਾਲ ਜੁੜੇ ਸਾਰੇ ਹਾਲਾਤਾਂ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਨੇ ਕਿਹਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਇਸ ਵੇਲੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਜਾ ਸਕਦੀ।